Gurdaspur News : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟ੍ਰੈਕ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਸੀ ਤੇ ਅੱਜ ਦੂਜੇ ਦਿਨ ਵੀ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨ ਤੇ ਕਿਸਾਨ ਮਹਿਲਾਵਾਂ ਵੱਡੀ ਤਦਾਦ ਵਿੱਚ ਰੇਲਵੇ ਟ੍ਰੈਕ 'ਤੇ ਡਟੀਆਂ ਨਜ਼ਰ ਆਈਆਂ ਹਨ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਸਰਕਾਰਾਂ ਗਹਿਰੀ ਨੀਂਦ 'ਚ ਸੁੱਤੀਆਂ ਪਈਆਂ। ਇਸੇ ਲਈ ਪ੍ਰਸਾਸ਼ਨ ਨਾਲ ਹੋਈਆਂ ਮੀਟਿੰਗਾਂ ਨਾਕਾਮਯਾਬ ਰਹਿ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀਆਂ ਮੰਗਾਂ ਓਵੇਂ ਹੀ ਬਰਕਰਾਰ ਹਨ ਕਿਉਕਿ ਪ੍ਰਸ਼ਾਸਨ ਕੋਲ ਸਾਡੀਆਂ ਮੰਗਾਂ ਨੂੰ ਲੈਕੇ ਕੋਈ ਠੋਸ ਜਵਾਬ ਨਹੀਂ ਹੈ। ਇਸੇ ਕਾਰਨ ਮੀਟਿੰਗਾਂ ਦੇ ਜਰੀਏ ਆਪਣੇ ਸਮੇਂ ਦੇ ਨਾਲ-ਨਾਲ ਸਾਡਾ ਸਮਾਂ ਵੀ ਖਰਾਬ ਕਰ ਰਹੇ ਹਨ।
ਇਹ ਵੀ ਪੜ੍ਹੋ : ਡੀਐਮਸੀ ਹਸਪਤਾਲ ਵੱਲੋਂ ਸੂਰਤ ਸਿੰਘ ਖਾਲਸਾ ਨੂੰ ਛੁੱਟੀ ਦੇਣ ਤੋਂ ਇਨਕਾਰ, ਕੌਮੀ ਇਨਸਾਫ਼ ਮੋਰਚੇ ਦੀ ਕੋਸ਼ਿਸ਼ ਅਸਫਲ
ਉਨ੍ਹਾਂ ਕਿਹਾ ਕਿ ਲੱਗਦਾ ਹੈ ਸਰਕਾਰ ਤੇ ਪ੍ਰਸਾਸ਼ਨ ਸਾਡੇ ਇਸ ਸੰਘਰਸ਼ ਨੂੰ ਲਮਕਾਉਣਾ ਚਾਹੁੰਦੀਆਂ ਹਨ। ਇਹ ਸੋਚਦੇ ਹਨ ਕਿ ਸ਼ਾਇਦ ਕਿਸਾਨ ਥੱਕ ਹਾਰ ਕੇ ਆਪ ਹੀ ਪਿੱਛੇ ਹੱਟ ਜਾਣਗੇ ਪਰ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੰਦੇ ਹਾਂ ਕਿ ਕਿਸਾਨ ਥੱਕ ਹਾਰ ਨਹੀਂ ਸਕਦੇ ਭਾਵੇਂ ਜਿੰਨੀ ਦੇਰ ਵੀ ਧਰਨਾ ਚਲਾਉਣਾ ਪਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤੱਕ ਰੇਲਵੇ ਟਰੈਕ 'ਤੇ ਇਹ ਧਰਨਾ ਇਵੇਂ ਹੀ ਦਿਨ ਰਾਤ ਜਾਰੀ ਰਹੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਵਿੰਦਰ ਸਿੰਘ ਚੌਤਾਲਾ ਨੇ ਕਿਹਾ ਕਿ ਬੀਤੇ ਸਮੇਂ 30 ਜਨਵਰੀ ਨੂੰ ਜਦੋਂ ਬਟਾਲਾ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ ਸੀ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਸ ਸਮੇਂ ਇਹ ਕਹਿ ਕੇ ਸੰਘਰਸ਼ ਖਤਮ ਕਰਵਾ ਦਿੱਤਾ ਗਿਆ ਸੀ ਕਿ 15 ਫਰਵਰੀ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ ਪਰ ਕਿਸਾਨ 15 ਫਰਵਰੀ ਤੋਂ ਪੂਰੇ ਇੱਕ ਹਫਤੇ ਬਾਅਦ ਦੁਬਾਰਾ ਪ੍ਰਸ਼ਾਸਨ ਤੇ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਰੇਲ ਰੋਕ ਰਹੇ ਹਨ।
ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੇ ਬਕਾਏ ਨੂੰ ਲੈ ਕੇ ਹੈ, ਜੋ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ਕਰੀਬ ਹੋ ਚੁੱਕਿਆ ਹੈ। ਕਿਸਾਨ ਸਿਰਫ਼ ਫ਼ਸਲ ਦੇ ਸਿਰ 'ਤੇ ਹੀ ਹੈ ਤੇ ਜੇ ਉਸਨੂੰ ਫਸਲ ਦਾ ਮੁੱਲ ਵੀ ਸਮੇਂ ਸਿਰ ਨਹੀਂ ਮਿਲੇਗਾ ਤਾਂ ਫਿਰ ਉਹ ਕਿਥੇ ਜਾਵੇਗਾ? ਇਸ ਤੋਂ ਇਲਾਵਾ ਹਾਈਵੇ ਅਤੇ ਹਾਈਵੇ ਐਕਸਪ੍ਰੈਸ ਵੇਅ ਵਿਚ ਆਉਂਦੀਆਂ ਜ਼ਮੀਨਾਂ ਦੇ ਵਾਜਬ ਅਤੇ ਵੇਲੇ ਸਿਰ ਮੁਆਵਜ਼ੇ ਦਵਾਉਣਾ ਵੀ ਇਸ ਸੰਘਰਸ਼ ਦਾ ਮੁੱਖ ਅਜੰਡਾ ਹੈ।