Farmers Protest: ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਟਰੱਕ ਡਰਾਈਵਰਾਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਪ੍ਰਸਾਸ਼ਨ ਵੱਲੋਂ ਭਾਰੀ ਵਾਹਨਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਇਸ ਕਾਰਨ ਟਰੱਕ ਡਰਾਈਵਰਾਂ ਨੂੰ ਤਿੰਨ ਦਿਨਾਂ ਤੋਂ ਕੇਐਮਪੀ-ਕੇਜੀਪੀ ਫਲਾਈਓਵਰ ’ਤੇ ਖੜ੍ਹਾ ਕਰ ਦਿੱਤਾ ਗਿਆ ਹੈ। 


ਪ੍ਰਸਾਸ਼ਨ ਵੱਲੋਂ ਡਰਾਈਵਰਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਟਰੱਕ ਡਰਾਈਵਰਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਪੀਣ ਲਈ ਪਾਣੀ ਵੀ ਨਹੀਂ ਹੈ। ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਹੈ। ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਕਿਸਾਨ ਆ ਰਹੇ ਹਨ, ਕੋਈ ਅੱਤਵਾਦੀ ਵਿਦੇਸ਼ੀ ਨਹੀਂ। ਕਿਸਾਨਾਂ ਨੂੰ ਇਸ ਤਰ੍ਹਾਂ ਰੋਕਣਾ ਬਹੁਤ ਗਲਤ ਹੈ।


ਟਰੱਕ ਡਰਾਈਵਰਾਂ ਨੇ ਏਬੀਪੀ ਨਿਊਜ਼ 'ਤੇ ਆ ਕੇ ਕਿਹਾ ਕਿ ਕਿਸਾਨ ਅਜੇ ਤੱਕ ਨਹੀਂ ਪਹੁੰਚੇ ਪਰ ਟਰੱਕ ਡਰਾਈਵਰਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਇਹ ਬਹੁਤ ਗਲਤ ਹੈ। ਕਿਸਾਨ ਆਪਣੀਆਂ ਹੱਕੀ ਮੰਗਾਂ 'ਤੇ ਅੜੇ ਹੋਏ ਹਨ। ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। 


ਟਰੱਕ ਡਰਾਈਵਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਇਹ ਦਿਨ ਨਹੀਂ ਆਉਣਾ ਸੀ। ਇਸ ਦੇ ਨਾਲ ਹੀ ਟਰੱਕ ਡਰਾਈਵਰਾਂ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਆ ਕੇ ਟਰੱਕ ਡਰਾਈਵਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। 


ਦੱਸ ਦਈਏ ਕਿ ਪੰਜਾਬ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ। ਉਨ੍ਹਾਂ ਨੂੰ ਸ਼ੰਭੂ, ਖਨੌਰੀ ਤੇ ਡੱਬਵਾਲੀ ਸਰਹੱਦ 'ਤੇ ਰੋਕਿਆ ਗਿਆ ਹੈ, ਪਰ ਉਹ ਅੱਗੇ ਜਾਣ 'ਤੇ ਅੜੇ ਹੋਏ ਹਨ। ਖੁਫੀਆ ਰਿਪੋਰਟ ਮੁਤਾਬਕ ਪਹਿਲੇ ਗੇੜ ਵਿੱਚ ਕਿਸਾਨ 5000 ਦੇ ਕਰੀਬ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਹਨ। ਜ਼ਿਆਦਾਤਰ ਟਰੈਕਟਰਾਂ ਪਿੱਛੇ ਦੋ-ਦੋ ਟਰਾਲੀਆਂ ਹਨ। ਇਹ ਸਾਰੀ ਵਿਉਂਤਬੰਦੀ ਇੱਕ ਜਾਂ ਦੋ ਦਿਨਾਂ ਲਈ ਨਹੀਂ ਸਗੋਂ ਕਿਸਾਨ ਛੇ ਮਹੀਨਿਆਂ ਦਾ ਪ੍ਰਬੰਧ ਕਰਕੇ ਨਿਕਲੇ ਹਨ।