ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 383ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਦਾ ਧਰਨਾ ਰੇਲਵੇ ਲਾਈਨ 'ਤੇ ਲਾਇਆ ਗਿਆ।



ਸਵੇਰੇ ਠੀਕ 10 ਵਜੇ ਬਰਨਾਲਾ ਰੇਲਵੇ ਲਾਈਨ 'ਤੇ ਹਜ਼ਾਰਾਂ ਕਿਸਾਨਾਂ ਨੇ ਧਰਨਾ ਲਾ ਕੇ ਲਿਆ ਜੋ ਸ਼ਾਮ ਚਾਰ ਵਜੇ ਤੱਕ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਲਖੀਮਪੁਰ-ਖੀਰੀ ਕਾਂਡ ਵਿੱਚ ਸਿੱਧੀ ਸ਼ਮੂਲੀਅਤ ਹੈ। ਖੂਨੀ ਕਾਂਡ ਤੋਂ ਕੁਝ ਦਿਨ ਪਹਿਲਾਂ ਉਸ ਨੇ ਕਿਸਾਨਾਂ ਨੂੰ 'ਦੋ ਮਿੰਟ ਵਿੱਚ ਇਲਾਕੇ 'ਚੋਂ ਖਦੇੜਨ' ਵਾਲੀ ਧਮਕੀ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਵਾਇਰਲ ਹੋਈ ਇਹ ਵੀਡੀਓ ਸਭ ਨੇ ਦੇਖੀ ਹੈ ਪਰ ਸ਼ਾਇਦ ਸਰਕਾਰ ਨੇ ਨਹੀਂ ਦੇਖੀ। ਅਜੈ ਮਿਸ਼ਰਾ 'ਤੇ ਧਾਰਾ 120ਬੀ ਅਧੀਨ ਕੇਸ ਦਰਜ ਹੈ ਪਰ ਸਰਕਾਰ ਨਾ ਤਾਂ ਉਸ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਰਹੀ ਹੈ ਤੇ ਨਾ ਹੀ ਅਜੇ ਤੱਕ ਗ੍ਰਿਫਤਾਰ ਕੀਤਾ ਹੈ। ਸਰਕਾਰ ਉਸ ਨੂੰ ਗ੍ਰਿਫਤਾਰ ਕਰਕੇ ਤੁਰੰਤ ਬਰਖਾਸਤ ਕਰੇ।

ਕੱਲ੍ਹ ਨੇੜਲੇ ਪਿੰਡ ਪੱਖੋਕੇ ਦੇ ਕਿਸਾਨ ਬਲਦੇਵ ਸਿੰਘ ਨੇ ਕਰਜੇ ਦੇ ਦਬਾਅ ਹੇਠ ਆ ਕੇ ਖੁਦਕੁਸ਼ੀ ਕਰ ਲਈ। ਅੱਜ ਧਰਨੇ ਵਿੱਚ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਖੁਦਕੁਸ਼ੀ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗੋ। ਇਹੀ ਇੱਕੋ ਇੱਕ ਰਾਹ ਹੀ ਸਾਡੀਆਂ ਮੁਸ਼ਕਲਾਂ ਦਾ ਅਸਲੀ ਹੱਲ ਹੈ।

ਬੁਲਾਰਿਆਂ ਨੇ ਅੱਜ ਪੰਜਾਬ ਵਿੱਚ ਡੀਏਪੀ ਖਾਦ ਦੀ ਕਿੱਲਤ ਦਾ ਮਸਲੇ ਨੂੰ ਬਹੁਤ ਸ਼ਿੱਦਤ  ਨਾਲ ਉਭਾਰਿਆ। ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਹਾੜੀ ਦੀ ਫਸਲ ਲਈ 55 ਲੱਖ ਟਨ ਡੀਏਪੀ ਖਾਦ ਦੀ ਜਰੂਰਤ ਹੈ ਪਰ ਸਿਰਫ 18 ਲੱਖ ਟਨ ਦੀ ਸਪਲਾਈ ਦਾ ਇੰਤਜ਼ਾਮ ਕੀਤਾ ਗਿਆ ਹੈ। ਖਾਦ ਦਾ 1200 ਰੁਪਏ ਵਾਲਾ ਗੱਟਾ 1500 ਰੁਪਏ ਤੱਕ ਵਿਕ ਰਿਹਾ ਹੈ।

ਕਿਸਾਨਾਂ ਨੂੰ ਰੇਲਵੇ ਦੇ ਖਾਦ ਵਾਲੇ ਰੈਕ ਘੇਰਨੇ ਪੈ ਰਹੇ ਹਨ ਤਾਂ ਜੋ ਖਾਦ ਪਰਾਈਵੇਟ ਡੀਲਰਾਂ ਦੀ ਬਜਾਏ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲੇ। ਡੀਲਰ, ਡੀਏਪੀ ਖਾਦ ਦੇ ਨਾਲ ਗੈਰ-ਜਰੂਰੀ ਕੈਮੀਕਲ ਤੇ ਖਾਦਾਂ ਖਰੀਦਣ ਲਈ ਸ਼ਰਤਾਂ ਮੜ੍ਹ ਰਹੇ ਹਨ। ਝੋਨੇ ਦੀ ਕਟਾਈ/ਵਿਕਰੀ ਵਿੱਚ ਰੁੱਝੇ ਕਿਸਾਨਾਂ ਲਈ ਡੀਏਪੀ ਖਾਦ ਦਾ ਇੰਤਜ਼ਾਮ ਕਰਨਾ ਨਵੀਂ ਸਿਰਦਰਦੀ ਬਣਿਆ ਹੋਇਆ ਹੈ। ਸਰਕਾਰ ਖਾਦ ਦੀ ਕਿੱਲਤ ਤੁਰੰਤ ਦੂਰ ਕਰੇ।