ਰੌਬਟ ਦੀ ਰਿਪੋਰਟ
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਹੁਣ ਦੇਸ਼ਵਿਆਪੀ ਬਣ ਗਿਆ ਹੈ। ਖਾਸਕਰ ਪੰਜਾਬ ਇਸ ਅੰਦੋਲਨ 'ਚ ਮੋਹਰੀ ਹੈ। ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਦੋ ਮਹੀਨੇ ਰੇਲ ਰੋਕੋ ਅੰਦੋਲਨ ਚਲਾਇਆ ਤੇ ਹੁਣ ਕੇਂਦਰ ਸਰਕਾਰ ਤੇ ਦਬਾਅ ਨੂੰ ਵਧਾਉਣ ਕੌਮੀ ਰਾਜਧਾਨੀ ਦਿੱਲੀ ਜਾ ਪਹੁੰਚੇ ਹਨ।


ਕਿਸਾਨ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਦੇ ਬਾਡਰਾਂ ਤੇ ਡੇਰੇ ਲਾ ਕੇ ਬੈਠੇ ਹਨ ਪਰ ਇਸ ਵਿਰੋਧ ਪ੍ਰਦਰਸ਼ਨ ਵਿੱਚ ਕਿਸਾਨ ਜ਼ਮੀਨ ਤੇ ਲੜਾਈ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਵੀ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ। ਕਿਸਾਨ ਬਹੁਤ ਚੰਗੇ ਢੰਗ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਅਨਸਰਾਂ ਦਾ ਮੁਕਾਬਲਾ ਵੀ ਕਰ ਰਹੇ ਹਨ ਤੇ ਕਾਮਯਾਬ ਵੀ ਹੋ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਰਮਿੰਦਰ ਸਿੰਘ ਮੁਤਾਬਕ ਉਨ੍ਹਾਂ ਕਿਸਾਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨ ਅਣਪੜ੍ਹ ਹਨ ਪਰ ਅਸੀਂ ਉਨ੍ਹਾਂ ਨੂੰ ਫੇਸਬੁੱਕ ਲਾਈਵ, ਲਾਇਕ ਤੇ ਸ਼ੇਅਰ ਬਟਨ ਦਬਾਉਣ ਲਈ ਟ੍ਰੇਨਿੰਗ ਦੇ ਦਿੱਤੀ ਹੈ। ਇਸ ਵਕਤ ਉਨ੍ਹਾਂ ਦੇ ਪੇਜ ਤੇ 1.13 ਲੱਖ ਫੌਲੋਅਰ ਹਨ ਜਿਸ ਵਿੱਚੋਂ 65,000 ਤਾਂ ਕਿਸਾਨ ਅੰਦੋਲਨ ਦੌਰਾਨ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਝੂਠੀ ਖ਼ਬਰ ਫੈਲਾਉਂਦਾ ਹੈ ਤਾਂ ਸਾਡੇ ਕਿਸਾਨ ਫੇਸਬੁੱਕ ਲਾਈਵ, ਵਟਸਐਪ ਜ਼ਰੀਏ ਆਪਣੇ ਸੰਦੇਸ਼ ਬਾਕੀ ਸਾਥੀਆਂ ਤੱਕ ਪਹੁੰਚਾ ਦਿੰਦੇ ਹਨ।

ਬਾਕੀ ਜਥੇਬੰਦੀਆਂ ਮੁਤਾਬਕ BKU ਉਗਰਾਹਾਂ ਦੀ ਵੀ ਆਪਣੀ ਸੋਸ਼ਲ ਮੀਡੀਆ ਟੀਮ ਹੈ। ਜਦੋਂ ਵੀ ਕਿਸਾਨਾਂ ਖਿਲਾਫ ਝੂਠੀ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਕਿਸਾਨ ਉਸਦਾ ਡਟ ਕੇ ਮੁਕਾਬਲਾ ਕਰਦੇ ਹਨ। ਕਿਸਾਨ ਉਸ ਝੂਠੀ ਮੁਹਿੰਮ ਦੇ ਖਿਲਾਫ ਆਪਣੇ ਸੰਦੇਸ਼ ਵਾਇਰਲ ਕਰ ਦਿੰਦੇ ਹਨ। ਇਹ ਸਭ ਕੁੱਝ ਕਿਸਾਨ ਆਪਣੇ ਸਮਾਰਟ ਫੋਨ ਰਾਹੀਂ ਕਰਦੇ ਹਨ।

ਕਿਸਾਨ ਆਪਣੇ ਲੀਡਰਾਂ ਦੇ ਭਾਸ਼ਣ ਸੁਣਦੇ ਹੋਏ ਵੀ ਆਪਣੇ ਫੇਸਬੁੱਕ , ਵਟਸਐਪ ਤੇ ਟਵੀਟਰ ਅਕਾਉਂਟ ਚੈੱਕ ਕਰ ਦੇ ਰਹਿੰਦੇ ਹਨ।ਕਿਸਾਨਾਂ ਨੇ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਵਟਸਐਪ ਗਰੁਪ ਬਣਾਏ ਹੋਏ ਹਨ। ਜਿਸ ਵਿੱਚ ਲਗਾਤਾਰ  ਕਿਸਾਨ ਅੰਦੋਲਨ ਨਾਲ ਜੁੜੀਆਂ ਨਿਊਜ਼, ਭਾਸ਼ਣ ਤੇ ਹੋਰ ਚੀਜ਼ਾ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕਿਸਾਨ ਬੜੀ ਤੇਜ਼ੀ ਨਾਲ ਸੋਸ਼ੋਲ ਮੀਡੀਆ ਦੀ ਵਰਤੋਂ ਨੂੰ ਸਿੱਖ ਰਹੇ ਹਨ ਤੇ ਕਿਸਾਨ ਅੰਦੋਲਨ ਵਿੱਚ ਇਸਤਮਾਲ ਕਰ ਰਹੇ ਹਨ।