ਚੰਡੀਗੜ੍ਹ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਕਰਨ ਦੀ ਕਾਫੀ ਅਲੋਚਨਾ ਹੋ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਤੇ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਸ ਨੂੰ ਮੰਦਭਾਗਾ ਕਿਹਾ ਹੈ। ਦੂਜੇ ਪਾਸੇ ਹਮਲਾ ਕਰਨ ਵਾਲੇ ਕਿਸਾਨਾਂ ਨੇ ਹਮਲੇ ਦੀ ਅਸਲੀਅਤ ਦੱਸੀ ਹੈ।


ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਲਖਨਪਾਲ ਸ਼ਰਮਾ ਤੇ ਹੋਰ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ ਸੀ ਕਿ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਖਿਝਾਉਣ ਲਈ ਵਿਧਾਇਕ ਨਾਰੰਗ ਮਲੋਟ ਆਏ। ਉਨ੍ਹਾਂ ਕਿਹਾ ਕਿ ਦਿੱਲੀ ਸੰਘਰਸ਼ ਵਿੱਚ ਇੱਕ ਤੋਂ ਬਾਅਦ ਇੱਕ ਕਿਸਾਨ ਦੀ ਮੌਤ ਹੋ ਰਹੀ ਹੈ ਤੇ ਕਰਜ਼ੇ ਦੇ ਬੋਝ ਕਾਰਨ ਕਿਸਾਨ ਫਾਹੇ ਲੈ ਰਹੇ ਹਨ ਤੇ ਭਾਜਪਾ ਆਗੂਆਂ ਨੂੰ ਸਭਾਵਾਂ ਕਰਨ ਦੀ ਪਈ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਬੀਜੇਪੀ ਲੀਡਰ ਜਾਣਬੁੱਝ ਕੇ ਲੋਕਾਂ ਨੂੰ ਭੜਕਾ ਰਹੇ ਹਨ।


ਉਧਰ, ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਵਿਧਾਇਕ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਪਰ ਕੁਝ ਹਾਲਾਤ ਕਾਰਨ ਇਹ ਰੋਸ ਮੁਜ਼ਾਹਰਾ ਹਿੰਸਕ ਰੂਪ ਧਾਰ ਗਿਆ ਤੇ ਵਿਧਾਇਕ ਨਾਲ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਲੋਕ ਨੁਮਾਇੰਦਿਆਂ ਨਾਲ ਅਜਿਹਾ ਵਿਹਾਰ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ ਤੇ ਅਜਿਹੇ ਵਿਹਾਰ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਇਸ ਘਟਨਾ ਦੀ ਸਖਤੀ ਨਾਲ ਨਿੰਦਾ ਕਰਦੇ ਹਾਂ।


ਦੱਸ ਦਈਏ ਕਿ ਸ਼ਨੀਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਮਲੋਟ ਦੇ ਭਾਜਪਾ ਦਫਤਰ ’ਚ ਮੀਟਿੰਗ ਕਰਨ ਆਏ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਸਖਤ ਵਿਰੋਧ ਕੀਤਾ ਤੇ ਉਨ੍ਹਾਂ ਦੇ ਚਿਹਰੇ ਤੇ ਕਾਰ ’ਤੇ ਕਾਲਖ਼ ਮਲ ਦਿੱਤੀ। ਸੁਰੱਖਿਆ ਕਰਮੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਭੀੜ ਵਿੱਚੋਂ ਸੁਰੱਖਿਅਤ ਕੱਢ ਲਿਆਏ ਪਰ ਜਦ ਉਨ੍ਹਾਂ ਨੂੰ ਕਿਸੇ ਅਗਲੀ ਥਾਂ ਤਬਦੀਲ ਕੀਤਾ ਜਾਣਾ ਸੀ ਤਾਂ ਕਿਸਾਨ ਤੇ ਹੋਰ ਭਰਾਤਰੀ ਜਥੇਬੰਦੀਆਂ ਉਨ੍ਹਾਂ ਦੇ ਮਗਰ ਪੈ ਗਈਆਂ ਤੇ ਵਿਰੋਧ ਲਗਾਤਾਰ ਜਾਰੀ ਰਿਹਾ। ਇਸ ਖਿੱਚ-ਧੂਹ ’ਚ ਵਿਧਾਇਕ ਨਾਰੰਗ ਦੇ ਸਾਰੇ ਕੱਪੜੇ ਵੀ ਪਾੜ ਗਏ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਭਾਰੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਉਥੋਂ ਕੱਢ ਕੇ ਇਕ ਹੋਰ ਨੇੜਲੇ ਵਰਕਰ ਦੀ ਦੁਕਾਨ ਵਿੱਚ ਸੁਰੱਖਿਅਤ ਕੀਤਾ।