ਗੁਰਦਾਸਪੁਰ: ਕੱਲ੍ਹ 22 ਅਗਸਤ ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾ ਨੂੰ ਲੈਕੇ ਜੰਤਰ ਮੰਤਰ ਤੇ ਇਕ ਦਿਨ ਦੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਉਸਦੇ ਚਲਦੇ ਪੰਜਾਬ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।ਜਿਸ ਦੇ ਤਹਿਤ ਅੱਜ ਦੇਰ ਸ਼ਾਮ ਕਿਸਾਨਾਂ ਦਾ ਵੱਡਾ ਇਕੱਠ ਦਿੱਲੀ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਲਈ ਟ੍ਰੇਨ ਰਾਹੀਂ ਗੁਰਦਾਸਪੁਰ ਅਤੇ ਬਟਾਲਾ ਤੋਂ ਦਿੱਲੀ ਰਵਾਨਾ ਹੋਇਆ।
ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਮੁੱਖ ਰੋਸ ਹੈ ਕਿ ਕੇਂਦਰ ਸਰਕਾਰ ਜੋ ਬਿਜਲੀ ਸੋਧ ਕਾਨੂੰਨ ਨਾ ਲੈਕੇ ਆਉਣ ਦਾ ਐਲਾਨ ਉਹਨਾਂ ਦੇ ਦਿੱਲੀ ਮੋਰਚੇ 'ਚ ਕਰ ਚੁੱਕੀ ਸੀ।ਹੁਣ ਇਹ ਬਿੱਲ ਸੰਸਦ 'ਚ ਲਿਆਂਦਾ ਜਾ ਚੁੱਕਾ ਹੈ ਅਤੇ ਇਸੇ ਤਰ੍ਹਾਂ ਉਹਨਾਂ ਨੂੰ ਫ਼ਸਲਾਂ 'ਤੇ MSP ਕਾਨੂੰਨ ਲੈਕੇ ਆਉਣ ਦਾ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ।
ਲਾਖੀਮਪੁਰ ਖੀਰੀ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸੰਘਰਸ਼ ਲੈਕੇ ਉਹ ਲਗਾਤਰ ਕੇਂਦਰ ਖਿਲਾਫ ਜੋ ਪ੍ਰੋਗਰਾਮ ਉਲੀਕੇ ਜਾਣਗੇ ਉਸ ਲਈ ਉਹ ਹਮੇਸ਼ਾ ਤਿਆਰ ਹਨ।ਚਾਹੇ ਹੁਣ ਇੱਕ ਦਿਨ ਦਾ ਧਰਨਾ ਹੈ ਲੇਕਿਨ ਜੇਕਰ ਉਹਨਾਂ ਨੂੰ ਆਪਣੀਆਂ ਮੰਗਾ ਅਤੇ ਆਪਣੇ ਹੱਕਾਂ ਲਈ ਦੋਬਾਰਾ ਮੋਰਚਾ ਲਾਉਣਾ ਪਿਆ ਤਾਂ ਉਹ ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਹਨ।
ਦਿੱਲੀ ਦੇ ਜੰਤਰ-ਮੰਤਰ 'ਤੇ ਕਿਸਾਨਾਂ ਦੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਦੇ ਨਾਲ-ਨਾਲ ਹਰਿਆਣਾ ਪੁਲਿਸ ਵੀ ਤਿਆਰ ਹੋ ਗਈ ਹੈ। ਪੁਲੀਸ ਨੇ ਟਿੱਕਰੀ ਸਰਹੱਦ ’ਤੇ ਲੋਹੇ ਦੇ ਬੈਰੀਕੇਡ ਲਗਾ ਕੇ ਵਾਹਨਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਸੀਮਿੰਟ ਵਾਲੇ ਬੈਰੀਕੇਡ ਲਗਾਉਣ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲੀਸ ਦੀ ਨਾਕਾਬੰਦੀ ਕਾਰਨ ਕਿਸਾਨ ਵੀ ਰੇਲ ਗੱਡੀ ਰਾਹੀਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ।
ਕਿਸਾਨਾਂ ਦੇ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਦੇ ਚਾਰ ਥਾਣਿਆਂ ਦੀ ਪੁਲੀਸ ਟਿੱਕਰੀ ਸਰਹੱਦ ’ਤੇ ਤਾਇਨਾਤ ਕੀਤੀ ਗਈ ਹੈ। ਬਹਾਦਰਗੜ੍ਹ ਦੀ ਪੁਲੀਸ ਵੀ ਲੱਗੀ ਹੋਈ ਹੈ। ਐਤਵਾਰ ਨੂੰ ਬਹਾਦਰਗੜ੍ਹ ਅਤੇ ਦਿੱਲੀ ਪੁਲਿਸ ਨੇ ਆਪਸੀ ਤਾਲਮੇਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਬਾਰੇ ਚਰਚਾ ਕੀਤੀ। ਸ਼ਨੀਵਾਰ ਨੂੰ ਹੀ, ਦਿੱਲੀ ਪੁਲਿਸ ਨੇ ਟਿੱਕਰੀ ਬਾਰਡਰ 'ਤੇ ਸੀਮਿੰਟ ਬੈਰੀਕੇਡ ਲਗਾਉਣੇ ਸ਼ੁਰੂ ਕਰ ਦਿੱਤੇ। ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ਨੂੰ ਵੀ ਤੰਗ ਕਰ ਦਿੱਤਾ ਗਿਆ ਹੈ। ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਤੋਂ ਬਾਅਦ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚ ਕੋਈ ਕਿਸਾਨ ਤਾਂ ਨਹੀਂ ਹੈ।
ਦਰਅਸਲ, ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਕਈ ਸੰਗਠਨਾਂ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਦੋਵਾਂ ਰਾਜਾਂ ਦੀ ਪੁਲਿਸ ਚੌਕਸ ਹੋ ਗਈ ਅਤੇ ਸਰਹੱਦ 'ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਗਈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਹਿੱਸਾ ਹਨ, ਪਰ ਉਹ ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣ ਰਹੀਆਂ ਹਨ, ਜਦੋਂ ਕਿ ਐਸਕੇਐਮ ਨਾਲ ਜੁੜੀਆਂ ਕੁਝ ਜਥੇਬੰਦੀਆਂ ਇਸ ਧਰਨੇ ਨੂੰ ਅੰਤ ਤੱਕ ਲਿਜਾਣਾ ਚਾਹੁੰਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਰਾਜੇਵਾਲ ਸਮੇਤ ਕਈ ਜਥੇਬੰਦੀਆਂ ਇਸ ਧਰਨੇ ਦਾ ਹਿੱਸਾ ਨਹੀਂ ਹਨ। ਮਾਨਸਾ ਤੋਂ ਆਏ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਦੀ ਬਜਾਏ ਨਿੱਜੀ ਵਾਹਨਾਂ ਰਾਹੀਂ ਦਿੱਲੀ ਜਾਣ ਦੀ ਯੋਜਨਾ ਬਣਾਈ ਹੈ।