ਇਮਰਾਨ ਖ਼ਾਨ

ਜਲੰਧਰ: ਸ਼ਹਿਰ ਤੋਂ ਕਰੀਬ 40 ਕਿੱਲੋਮੀਟਰ ਦੂਰ ਫਿਲੌਰ ਦੇ ਪਿੰਡ ਰਾਜਪੁਰਾ ਦਾ ਬਜ਼ੁਰਗ ਮਹਿੰਦਰ ਰਾਮ ਆਪਣੇ ਪੁੱਤਰ ਦੀ ਘਰ ਵਾਪਸੀ ਦਾ ਇੰਤਜ਼ਾਰ ਕਰਦਿਆਂ ਇਸ ਦੁਨੀਆ ਨੂੰ ਹੀ ਅਲਵਿਦਾ ਕਹਿ ਗਿਆ। ਉਸ ਦਾ ਪੁੱਤਰ ਸੁਰਜੀਤ ਸਿੰਘ ਦੋ ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਪਰ ਪਿਛਲੇ ਡੇਢ ਸਾਲ ਤੋਂ ਉਸ ਦਾ ਮਾਲਕ ਉਸ ਨੂੰ ਤਨਖ਼ਾਹ ਨਹੀਂ ਸੀ ਦੇ ਰਿਹਾ।



42 ਸਾਲ ਦਾ ਸੁਰਜੀਤ ਸਿੰਘ ਪਰਿਵਾਰ ਨੂੰ ਗੁਰਬਤ 'ਚੋਂ ਕੱਢਣ ਲਈ ਕਰੀਬ ਦੋ ਸਾਲ ਪਹਿਲਾਂ ਸਊਦੀ ਗਿਆ ਸੀ। ਪਰ ਉੱਥੇ ਗਏ ਨੂੰ ਛੇ ਮਹੀਨੇ ਹੀ ਹੋਏ ਸਨ ਕਿ ਮਾਲਕਾਂ ਨੇ ਤਨਖ਼ਾਹ ਦੇਣ ਵਿੱਚ ਨਾਂਹ-ਨੁੱਕਰ ਕਰਨੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਉੱਥੇ ਵੀ ਰੋਟੀ ਦਾ ਉਹੀ ਸੰਕਟ ਸ਼ੁਰੂ ਹੋ ਗਿਆ ਜਿਸ ਤੋਂ ਭੱਜ ਕੇ ਸੁਰਜੀਤ ਸਾਊਦੀ ਅਰਬ ਗਿਆ ਸੀ।

ਬਜ਼ੁਰਗ ਮਹਿੰਦਰ ਰਾਮ ਨੂੰ ਆਪਣੇ ਬੇਟੇ ਸੁਰਜੀਤ ਦੇ ਉੱਥੇ ਫਸੇ ਹੋਣ ਦੀ ਚਿੰਤਾ ਘੁਣ ਵਾਂਗ ਖੋਰਾ ਲਾਉਣ ਲੱਗ ਪਈ। ਮਹਿੰਦਰ ਰਾਮ ਆਪਣੇ ਸਭ ਤੋਂ ਛੋਟੇ ਬੇਟੇ ਦਵਿੰਦਰ ਨਾਲ ਏਜੰਟ ਦੇ ਦਫ਼ਤਰ ਜਲੰਧਰ ਚੱਕਰ ਲਾਉਣ ਲੱਗ ਪਏ। ਇਸ ਦੌਰਾਨ ਸਿਹਤ ਢਿੱਲੀ ਹੁੰਦੀ ਗਈ ਅਤੇ ਅਖੀਰ ਸੋਮਵਾਰ ਨੂੰ ਮਹਿੰਦਰ ਰਾਮ ਬੇਟੇ ਦੀ ਉਡੀਕ ਵਿੱਚ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ।

ਸਊਦੀ ਵਿੱਚ ਵੀ ਰੋਜ਼ੀ-ਰੋਟੀ ਤੋਂ ਮੁਹਤਾਜ ਸੁਰਜੀਤ ਦੀ ਪਤਨੀ ਅਤੇ ਦੋ ਬੱਚੇ ਪਿੰਡ ਵਿੱਚ ਹੀ ਰਹਿੰਦੇ ਹਨ। ਇੱਕ ਭਰਾ ਦੀ ਮੌਤ ਹੋ ਚੁੱਕੀ ਹੈ। ਛੋਟਾ ਦਲਜੀਤ ਪਿੰਡ ਵਿੱਚ ਹੀ ਕਾਰਪੇਂਟਰੀ ਕਰਦਾ ਹੈ ਅਤੇ ਸਭ ਤੋਂ ਛੋਟਾ ਦਵਿੰਦਰ ਡ੍ਰਾਇਵਰੀ।



ਇਹ ਦੁੱਖ ਭਰੀ ਦਾਸਤਾਨ ਤਾਂ ਸਿਰਫ਼ ਸੁਰਜੀਤ ਅਤੇ ਉਸ ਦੇ ਪਰਿਵਾਰ ਦੀ ਹੈ। 'ਖ਼ੁਸ਼ਹਾਲ' ਪੰਜਾਬ ਦੇ ਦੁੱਖਾਂ ਦੀਆਂ ਇੰਨੀਆਂ ਕਹਾਣੀਆਂ ਹਨ ਕਿ ਸ਼ਾਇਦ ਤੁਸੀਂ ਪੜ੍ਹਦੇ-ਪੜ੍ਹਦੇ ਥੱਕ ਜਾਉਗੇ ਪਰ ਕਹਾਣੀਆਂ ਨਹੀਂ ਮੁੱਕਣੀਆਂ। ਸੂਬੇ ਦੀ ਐਨਆਰਆਈ ਬੈਲਟ ਵਜੋਂ ਜਾਣਿਆ ਜਾਂਦਾ ਦੁਆਬਾ ਇਸ ਵੇਲੇ ਆਪਣੇ 'ਐਨਆਰਆਈਜ਼' ਕਰ ਕੇ ਹੀ ਦੁੱਖ ਭੋਗ ਰਿਹਾ ਹੈ।

ਪਿਛਲੇ ਕੁੱਝ ਮਹੀਨਿਆਂ ਵਿੱਚ ਦੋਆਬੇ ਦੀਆਂ 8 ਔਰਤਾਂ ਨੂੰ ਸਊਦੀ ਵਿੱਚੋਂ ਛਡਵਾਇਆ ਗਿਆ ਹੈ ਅਤੇ ਬੰਦਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਆਪਣਾ ਪਰਿਵਾਰ ਛੱਡ ਕੇ ਰੋਜ਼ੀ-ਰੋਟੀ ਕਮਾਉਣ ਲਈ ਸਊਦੀ ਵਰਗੇ ਦੇਸ਼ਾਂ ਵਿੱਚ ਜਾਣ ਵਿੱਚ ਕੋਈ ਦਲੇਰੀ ਨਹੀਂ ਹੈ, ਇਹ ਤਾਂ ਮਜਬੂਰੀ ਹੈ ਜੋ ਕਿ ਪਰਿਵਾਰ ਦਾ ਇੱਕ ਜੀਅ ਚੁੱਕ ਲੈਂਦਾ ਹੈ ਤਾਂ ਜੋ ਬਾਕੀ ਇੱਥੇ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਸਰਕਾਰਾਂ ਦੇ ਨੌਕਰੀ ਦੇਣ ਦੇ ਦਾਅਵਿਆਂ ਅਤੇ ਹਕੀਕਤ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਇਨ੍ਹਾਂ ਦੁੱਖਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ।