Fazilka News: ਅਬੋਹਰ ਦੇ ਅਜ਼ੀਮਗੜ੍ਹ ਇਲਾਕੇ 'ਚ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਭੰਡਾਰੇ 'ਚ ਲੜਾਈ-ਝਗੜੇ ਤੋਂ ਬਾਅਦ ਨੌਜਵਾਨ ਨੂੰ ਰਾਜ਼ੀਨਾਮੇ ਲਈ ਘਰੋਂ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਆਪਣੀ ਵੀਡੀਓ ਵੀ ਬਣਾਈ। ਵੀਡੀਓ ਵਿੱਚ ਖੂਨ 'ਚ ਭਿੱਜ ਤੇਜ਼ਧਾਰ ਹਥਿਆਰ ਨਜ਼ਰ ਆ ਰਹੇ ਹਨ। ਮੁਲਜ਼ਮਾਂ ਨੇ ਵੀਡੀਓ ਵਿੱਚ ਆਪਣਾ ਗੁਨਾਹ ਕਬੂਲਦਿਆਂ ਕਿਹਾ ਕਿ ਉਸ ਨੂੰ ਮਾਰ ਦਿੱਤਾ ਹੈ। ਵੀਡੀਓ ਸਾਹਮਣੇ ਆਉਂਦੇ ਹੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਅਜ਼ੀਮਗੜ੍ਹ 'ਚ ਇੱਕ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਐਸਐਸਪੀ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਿਸ ਟੀਮਾਂ ਨੇ ਸਿਰਫ 12 ਘੰਟਿਆਂ ਵਿੱਚ ਹੀ ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਇੱਕ ਵਿਆਕਤੀ, ਉਸ ਦੇ ਦੋ ਬੇਟਿਆਂ ਤੇ ਇਹ ਹੋਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਹੁਣ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਐਸਐਸਪੀ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਅਜੀਮਗੜ੍ਹ ਵਾਸੀ ਭਜਨ ਲਾਲ ਦੇ ਬੇਟੇ ਸੁਨੀਲ ਉਰਫ ਭਈਆ ਦਾ ਕੁਝ ਲੋਕਾਂ ਨੇ ਗੁਰਦੁਆਰਾ ਸਿੰਘ ਸਭਾ ਅਜ਼ੀਮਗੜ੍ਹ ਨੇੜੇ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਵੱਲੋਂ ਥਾਣਾ ਸਿਟੀ ਵਨ, ਸਿਟੀ ਟੂ, ਸੀਆਈਏ ਫਾਜ਼ਿਲਕਾ, ਸੀਆਈਏ ਸਟਾਫ਼ ਅਬੋਹਰ ਦੀਆਂ ਟੀਮਾਂ ਬਣਾ ਕੇ ਕਾਤਲਾਂ ਦੀ ਭਾਲ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਸੂਹੀਆ ਤੇ ਖੁਫੀਆ ਸੂਤਰਾਂ ਦੀ ਮਦਦ ਨਾਲ ਅਜੀਮਗੜ੍ਹ ਨਿਵਾਸੀ ਕ੍ਰਿਸ਼ਨ ਕੁਮਾਰ ਉਰਫ ਨਿਹੰਗ ਪੁੱਤਰ ਸੋਹਣ ਲਾਲ, ਉਸ ਦੇ ਬੇਟੇ ਰਾਧੇ ਸ਼ਾਮ ਉਰਫ਼ ਦੀਨੂ, ਰੁਪਿੰਦਰ ਉਰਫ਼ ਮੋਟੂ ਤੇ ਸਮੀਰ ਟਾਂਕ ਪੁੱਤਰ ਸੀਤਾ ਰਾਮ ਵਾਸੀ ਅਜ਼ੀਮਗੜ੍ਹ ਨੂੰ ਗੰਗਾਨਗਰ ਤੋਂ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਕਾਪਾ ਵੀ ਬਰਾਮਦ ਕੀਤਾ ਹੈ।