ਫਾਜ਼ਿਲਕਾ: ਅਪਰਾਧੀ ਇੰਨੇ ਬੇਖੌਫ ਹੋ ਗਏ ਹਨ ਕਿ ਪੁਲਿਸ ਦਾ ਵੀ ਡਰ ਨਹੀਂ ਰਿਹਾ। ਸ਼ਰ੍ਹੇਆਮ ਪੁਲਿਸ ਦਾ ਕੁਟਾਪਾ ਚਾੜਿਆ ਜਾ ਰਿਹਾ ਹੈ। ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ ਦਾ ਹੈ ਜਿੱਥੇ ਥਾਣੇ ਅੰਦਰ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ ਨੂੰ ਸ਼ਰ੍ਹੇਆਮ ਕੁੱਟਿਆ ਜਾ ਰਿਹਾ ਹੈ। ਇਸ ਸਾਰੀ ਘਟਨਾ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


ਸੀਸੀਟੀਵੀ ਫੁਟੇਜ ਵਿੱਚ ਦਿੱਸ ਰਿਹਾ ਹੈ ਕਿ ਕਿਵੇਂ ਬੇਖੌਫ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਥਾਣੇ ਵਿੱਚ ਭਜਾ-ਭਜਾ ਕੇ ਡਾਂਗਾਂ ਨਾਲ ਕੁੱਟ ਰਹੇ ਹਨ ਤੇ ਪੁਲਿਸ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਹਨ।


ਹਸਪਤਾਲ ਵਿੱਚ ਦਾਖ਼ਲ ਦੋਵੇਂ ਹੋਮ ਗਾਰਡ ਦੇ ਪੁਲਿਸ ਮੁਲਾਜ਼ਮ ਸਲਵਿੰਦਰ ਸਿੰਘ ਤੇ ਜੋਮਿਲ ਮਸੀਹ ਨੇ ਦੱਸਿਆ ਕਿ ਉਹ ਥਾਣਾ ਅਰਨੀਵਾਲਾ ਦੇ ਗੇਟ 'ਤੇ ਮੰਤਰੀ ਦੀ ਪੋਸਟ 'ਤੇ ਤਾਇਨਾਤ ਸੀ। ਇਸੇ ਦੌਰਾਨ ਕੁਝ ਲੋਕ ਜ਼ਬਰਦਸਤੀ ਥਾਣੇ ਵਿੱਚ ਵੜਨ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਰੋਕਿਆ ਤਾਂ ਉਨ੍ਹਾਂ ਦੀਆਂ ਬੰਦੂਕਾਂ ਖੋਹ ਲਈਆਂ ਤੇ ਡਾਂਗਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਦੋਵੇਂ ਜਣੇ ਜ਼ਖ਼ਮੀ ਹੋ ਗਏ।


ਇਸ ਸਬੰਧੀ ਐਸਐਚਓ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਬਾਰੇ 5 ਲੋਕਾਂ 'ਤੇ ਸਾਜ਼ਿਸ਼ ਕਰ ਕੇ ਥਾਣੇ ਅੰਦਰ ਦਾਖ਼ਲ ਹੋਣ ਤੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਇਹ ਪੰਜੇ ਜਣੇ ਥਾਣੇ ਵਿੱਚੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।