ਲੁਧਿਆਣਾ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਸਿਰ ਇਸ ਵਕਤ 2 ਲੱਖ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਵਿੱਚੋਂ 2 ਲੱਖ ਕਰੋੜ ਰੁਪਏ ਪਿਛਲੀ ਸਰਕਾਰ ਛੱਡ ਗਈ ਸੀ। ਹਾਲਾਂਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਤੀ ਹਾਲਾਤਾਂ ਵਿੱਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਹੁਣ ਕਰਜ਼ੇ ਦੀ ਗਤੀ ਘਟੀ ਹੈ।
ਮਨਪ੍ਰੀਤ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਉਦਯੋਗਪਤੀਆਂ ਨਾਲ ਮੀਟਿੰਗਾਂ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਸੰਬੋਧਨ ਕਰ ਰਹੇ ਸਨ।ਇਸ ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਕਈ ਸਮੱਸਿਆਵਾਂ ਰੱਖੀਆਂ, ਜਿਸ ਨੂੰ ਉਨ੍ਹਾਂ ਨੇ ਸੁਣਿਆ ਅਤੇ ਆਪਣੇ ਮੰਗ ਪੱਤਰ ਸੌਂਪਣ ਲਈ ਕਿਹਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਆਰਥਿਕ ਹਾਲਾਤਾਂ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸੀਸੀਐਲ ਲਿਮਿਟ ਅਤੇ ਹੋਰਨਾਂ ਤਰੀਕਿਆਂ ਰਾਹੀਂ ਜਾਂਦੇ ਵੇਲੇ ਉਨ੍ਹਾਂ ਉੱਪਰ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਛੱਡ ਕੇ ਗਈ ਸੀ ਜਿਸ ਨੂੰ ਉਨ੍ਹਾਂ ਨੇ ਖ਼ਤਮ ਕਰ ਦਿੱਤਾ ਹੈ।
ਪੱਤਰਕਾਰਾਂ ਦੇ ਸੁਆਲ ਦੇ ਜੁਆਬ ਵਿਚ ਉਨ੍ਹਾਂ ਨੇ ਮੰਨਿਆ ਕਿ ਇਸ ਵਾਰ ਸੂਬੇ ਦੇ ਉਪਰ 2 ਲੱਖ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।ਪਰ ਸੂਬੇ ਉੱਪਰ ਕਰਜੇ ਦੀ ਰਫ਼ਤਾਰ ਘਟੀ ਹੈ ਅਤੇ ਉਨ੍ਹਾਂ ਵੱਲੋਂ ਬੀਤੇ ਸਾਲਾਂ ਦੌਰਾਨ ਕੋਈ ਓਵਰਡਰਾਫਟ ਨਹੀਂ ਲਿਆ ਗਿਆ।ਅਕਾਲੀ ਦਲ ਦੀ ਸਰਕਾਰ ਦੇ ਅੰਤ ਵਿੱਚ ਸੂਬੇ ਉਪਰ ਦੋ ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਜਿਨ੍ਹਾਂ ਵਿੱਚ ਵੈਟ ਰਿਫੰਡ ਅਤੇ ਹੋਰ ਮੁੱਦੇ ਸ਼ਾਮਲ ਹਨ, ਨੂੰ ਜਲਦ ਵਿਚਾਰਿਆ ਜਾਵੇਗਾ ਅਤੇ ਹੱਲ ਕੱਢੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :