ਚੰਡੀਗੜ੍ਹ: ਬਦਲਾਖੋਰੀ ਖ਼ਿਲਾਫ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਸੁਖਬੀਰ ਬਾਦਲ ਦੀ ਬੱਸ ਦਾ ਚਾਲਨ ਕੱਟਣ ਵਾਲੇ ਸਬ ਡਜ਼ੀਨਲ ਮੈਜਿਸਟ੍ਰੇਟ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ ਵਿਜੇ ਸਿਆਲ ਖ਼ਿਲਾਫ ਐਫਆਈਆਰ ਰੱਦ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ 5ਵੀਂ ਅੰਤ੍ਰਿਮ ਰਿਪੋਰਟ ਸੌਂਪ ਦਿੱਤੀ ਹੈ। ਇਸ 5ਵੀਂ ਅੰਤ੍ਰਿਮ ਰਿਪੋਰਟ 'ਚ 159 ਸ਼ਿਕਾਇਤਾਂ 'ਚੋਂ 118 ਨੂੰ ਰੱਦ ਕਰ ਦਿੱਤਾ ਹੈ।


ਰਿਪੋਰਟ 'ਚ ਮੁੱਖ ਤੌਰ 'ਤੇ ਗੁਰਦਾਸਪੁਰ ਦੇ ਸਬ ਡਜ਼ੀਨਲ ਮਜਿਸਟ੍ਰੇਟ ਬਾਰੇ ਸਿਫਾਰਸ਼ ਕੀਤਾ ਗਈ ਹੈ। ਸਿਆਲ ਨੇ ਬਾਦਲ ਪਰਿਵਾਰ ਦੀ ਬੱਸ ਔਰਬਿੱਟ ਦਾ ਚਲਾਨ ਕੱਟਿਆ ਸੀ। ਇਸੇ ਦੀ ਬਦਲਾਖੋਰੀ ਵਜੋਂ ਉਨ੍ਹਾਂ ਖ਼ਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸਰਬੱਤ ਖਾਲਸਾ ਦੇ ਮਾਮਲੇ 'ਚ ਪੰਥਕ ਲੀਡਰ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ ਹੋਈ ਐਫਆਈਆਰ ਨੂੰ ਵੀ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ।

ਆਪਣੀ ਚੌਥੀ ਰਿਪੋਰਟ ਵਿੱਚ ਕਮਿਸ਼ਨ ਨੇ ਵੱਖ-ਵੱਖ ਅਧਾਰ 'ਤੇ 82 ਸ਼ਿਕਾਇਤਾਂ/ਕੇਸਾਂ ਨੂੰ ਰੱਦ ਕਰ ਦਿੱਤਾ ਸੀ। ਇਸ ਦੋ ਮੈਂਬਰੀ ਕਮਿਸ਼ਨ ਜਿਸ ਵਿੱਚ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਐਸ. ਮਹਿੰਦੀਰੱਤਾ ਵੀ ਮੈਂਬਰ ਹਨ, ਨੇ 31 ਜੁਲਾਈ, 2017 ਤੱਕ ਹਾਸਲ ਹੋਈਆਂ ਕੁਲ 4371 ਸ਼ਿਕਾਇਤਾਂ ਵਿੱਚੋਂ ਹੁਣ ਤੱਕ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾ ਚੁੱਕਾ ਹੈ।