ਚੰਡੀਗੜ੍ਹ: ਪੰਜਾਬ ਵਿੱਚ ਹੋਰ ਹੜ੍ਹਾਂ ਦਾ ਖਤਰਾ ਟਲ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਖੁਸ਼ਕ ਹੋਣ ਨਾਲ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਤਾਪਮਾਨ ਘਟਣ ਕਰਕੇ ਬਰਫ ਵੀ ਪਿਘਲਣੀ ਰੁਕ ਗਈ ਹੈ। ਇਸ ਨਾਲ ਅਗਲੇ ਦਿਨਾਂ ਵਿੱਚ ਪਾਣੀ ਦਾ ਵਹਾਅ ਹੋਰ ਘਟ ਜਾਏਗਾ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਕਿਤੇ-ਕਿਤੇ ਬਾਰਸ਼ ਹੋ ਸਕਦੀ ਹੈ ਪਰ ਇਸ ਨਾਲ ਹੜ੍ਹਾਂ ਦਾ ਕੋਈ ਖਤਰਾ ਨਹੀਂ।


ਸਰਕਾਰੀ ਸੂਤਰਾਂ ਮੁਤਾਬਕ ਭਾਖੜਾ ਡੈਮ ਤੋਂ ਪਾਣੀ ਛੱਡਣਾ ਘਟਾ ਦਿੱਤਾ ਗਿਆ ਹੈ। ਇਸ ਵੇਲੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1675 ਫੁੱਟ ਰਹਿ ਗਿਆ ਹੈ। ਇਸ ਨਾਲ ਪੰਜਾਬ ਨੂੰ ਵੱਡੀ ਰਾਹਤ ਮਿਲੀ ਹੈ। ਪਿੱਛੋਂ ਪਾਣੀ ਨਾ ਆਉਣ ਕਰਕੇ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਘਟਣ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਫ਼ਸਲਾਂ ਦਾ ਬਚਾਅ ਹੋ ਗਿਆ ਹੈ। ਬਿਆਸ ਤੇ ਰਾਵੀ ਵਿੱਚ ਵੀ ਪਾਣੀ ਦਾ ਪੱਧਰ ਘਟ ਗਿਆ ਹੈ।

ਉਂਝ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿੰਦਗੀ ਲੀਹ ਉੱਪਰ ਆਉਣ ਨੂੰ ਅਜੇ ਕਾਫੀ ਸਮਾਂ ਲੱਗੇਗਾ। ਇਸ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਤੇ ਮੁੜ-ਵਸੇਬੇ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਹਾੜ੍ਹੀ ਦੇ ਸੀਜ਼ਨ ਲਈ ਕਿਸਾਨਾਂ ਨੂੰ ਕਣਕ ਦਾ ਉੱਚ ਮਿਆਰੀ ਬੀਜ ਮੁਫ਼ਤ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਆਖਿਆ ਹੈ ਕਿ ਹੜ੍ਹਾਂ ਦੇ ਪਾਣੀ ਨਾਲ ਫ਼ਸਲਾਂ ਡੁੱਬਣ ਕਰਕੇ ਵੱਡਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਕਣਕ ਦੇ ਬੀਜ ਸਮੇਂ ਸਿਰ ਸਪਲਾਈ ਕੀਤੇ ਜਾਣ। ਮੁੱਖ ਮੰਤਰੀ ਨੇ ਸਹਿਕਾਰਤਾ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਥੋੜ੍ਹੀ ਮਿਆਦ ਵਾਲੇ ਕਰਜ਼ਿਆਂ ਨੂੰ ਦਰਮਿਆਨੀ ਮਿਆਦ ਵਾਲੇ ਕਰਜ਼ੇ ਵਿੱਚ ਤਬਦੀਲ ਕੀਤਾ ਜਾਵੇ।

ਉਨ੍ਹਾਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਵੀ ਹੁਕਮ ਦਿੱਤੇ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਫ਼ਸਲੀ ਹੱਦ ਕਰਜ਼ੇ ਨਵੇਂ ਸਿਰਿਓਂ ਦਿੱਤੇ ਜਾਣ। ਪੇਂਡੂ ਸੜਕਾਂ ਤੇ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਪਹੁੰਚੇ ਨੁਕਸਾਨ ਦਾ ਨੋਟਿਸ ਲੈਂਦਿਆਂ ਮੰਡੀ ਬੋਰਡ ਨੂੰ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਮੁਰੰਮਤ ਦਾ ਕੰਮ ਜੰਗੀ ਪੱਧਰ ’ਦੇ ਵਿੱਢਣ ਦੇ ਆਦੇਸ਼ ਦਿੱਤੇ।

ਪਾਵਰਕੌਮ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਬਹਾਲ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਆਖਿਆ ਹੈ। ਸੂਬੇ ਦੇ ਨੌਂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ 225 ਪਿੰਡਾਂ ਵਿੱਚ 61,000 ਪਿੰਡਾਂ ਦੀ ਦੇਖਭਾਲ ਲਈ 148 ਵਿਸ਼ੇਸ਼ ਵੈਟਰਨਰੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਹਾਸਲ ਰਿਪੋਰਟਾਂ ਮੁਤਾਬਕ ਰਾਜ ਵਿੱਚ 125 ਵੱਡੇ ਪਸ਼ੂ (ਗਾਂਵਾਂ/ਮੱਝਾਂ ਤੇ ਹੋਰ) ਤੇ 8000 ਮੁਰਗੀਆਂ ਮਰੀਆਂ ਹਨ। ਪਸ਼ੂ ਪਾਲਣ ਵਿਭਾਗ ਨੇ ਮਰੇ ਹੋਏ ਪਸ਼ੂ ਧਨ ਲਈ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ 91 ਲੱਖ ਰੁਪਏ ਸਮੇਤ ਲੋੜੀਂਦੀਆਂ ਦਵਾਈਆਂ, ਚਾਰਾ ਤੇ ਫੀਡ ਮੁਹੱਈਆ ਕਰਵਾਉਣ ਲਈ 22.11 ਕਰੋੜ ਦੀ ਵਿੱਤੀ ਸਹਾਇਤਾ ਮੰਗੀ ਹੈ। ਵੈਟਰਨਰੀ ਟੀਮਾਂ ਵੱਲੋਂ ਪਸ਼ੂਆਂ ਦੀ ਦੇਖਭਾਲ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਤੇ ਟੀਕਾਕਰਨ ਕੀਤਾ ਜਾ ਰਿਹਾ ਹੈ।