Punjab News: ਪੰਜਾਬ ਵਿੱਚ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਵੀ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਹੁੰਦਾ ਰਿਹਾ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਸੀ। ਤਾਂ ਜੋ ਲੋਕਾਂ ਪੈਂਡਿੰਗ ਪਏ ਇੰਤਕਾਲ ਦੇ ਲੰਬਿਤ ਪਏ ਮਾਮਲਿਆਂ ਦਾ ਵੱਧ ਤੋਂ ਵੱਧ ਨਿਪਟਾਰਾ ਕੀਤਾ ਜਾ ਸਕੇ। ਪੰਜਾਬ ਦੇ ਰੈਵੇਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦੀ ਅਗਵਾਈ ਵਾਲੀ ਰਾਜ ਸਰਕਾਰ ਲੋਕਾਂ ਨੂੰ ਸਰਕਾਰੀ ਦਫਤਰਾਂ ’ਚ ਆਪਣੇ ਕੰਮ ਕਰਵਾਉਣ ਸਮੇਂ ਕਿਸੇ ਕਿਸਮ ਦੀ ਖੱਜਲ-ਖੁਆਰੀ ਨਹੀਂ ਆਉਣ ਦੇਵੇਗੀ ਅਤੇ ਦਫਤਰਾਂ ਵਿਚ ਆਸਾਨੀ ਨਾਲ ਲੋੜੀਂਦੀਆਂ ਸੇਵਾਵਾਂ ਮਿਲਣਗੀਆਂ।
ਸਥਾਨਕ ਤਹਿਸੀਲ ਦਫਤਰ ਵਿਖੇ ਪੈਂਡਿੰਗ ਇੰਤਕਾਲ ਦੇ ਕੇਸਾਂ ਦੇ ਨਿਪਟਾਰੇ ਲਈ ਲੱਗੇ ਵਿਸ਼ੇਸ਼ ਕੈਂਪ ਵਿੱਚ ਪੁੱਜੇ ਖੁਦ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਿਰਕਤ ਕੀਤੀ । ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਦਫਤਰ ਵਿਚ ਲੋਕਾਂ ਨੂੰ ਸਹਿਜੇ ਹੀ ਪਾਰਦਰਸ਼ੀ ਅਤੇ ਬਿਨਾਂ ਕਿਸੇ ਅੜਿੱਕੇ ਤੋਂ ਸੇਵਾਵਾਂ ਦੇਣ ਲਈ ਪੂਰੀ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਚਾਨਕ ਤਹਿਸੀਲਾਂ ਅਤੇ ਹੋਰਨਾਂ ਦਫਤਰਾਂ ਦਾ ਦੌਰਾ ਕਰਨ ਦਾ ਮਕਸਦ ਦਫਤਰਾਂ ਦੀ ਕਾਰਗੁਜਾਰੀ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਮ ਲੋਕਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲੈਣਾ ਹੈ ਅਤੇ ਉਨ੍ਹਾਂ ਦੀ ਸਰਕਾਰ ਆਮ ਲੋਕਾਂ ਨੂੰ ਹਰ ਲੋੜੀਂਦੀ ਸਹੂਲਤ ਸਮੇਂ-ਸਿਰ ਦਿੱਤੀ ਜਾਣ ਨੂੰ ਯਕੀਨੀ ਬਣਾ ਰਹੀ ਹੈ।
ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਇੰਤਕਾਲ ਦੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਕਈ ਕੈਂਪਾਂ ਵਿਚ ਜਾ ਰਹੇ ਹਨ ਜਿੱਥੇ ਅਧਿਕਾਰੀਆਂ ਅਤੇ ਆਮ ਲੋਕਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇੰਤਕਾਲ ਦੇ ਕੇਸਾਂ ਨੂੰ ਮੌਕੇ ’ਤੇ ਹੀ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ। ਫਗਵਾੜਾ ਤਹਿਸੀਲ ਦਫਤਰ ਵਿਖੇ ਲੱਗੇ ਕੈਂਪ ਵਿਚ ਇੰਤਕਾਲ ਦੇ ਲੰਬਿਤ 278 ਕੇਸਾਂ ਨੂੰ ਮੌਕੇ ’ਤੇ ਹੀ ਦਰਜ ਕੀਤਾ ਗਿਆ। ਮਾਲ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਖਿਲਾਫ ‘ਜ਼ੀਰੋ ਟਾਲਰੈਂਸ’ ਦੀ ਨੀਤੀ ਤਹਿਤ ਲੋਕਾਂ ਨੂੰ ਹਰ ਸੇਵਾ ਅਤੇ ਸਹੂਲਤ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਮਾਲ ਵਿਭਾਗ ਦੇ ਦਫਤਰਾਂ ਵਿਚ ਉਨ੍ਹਾਂ ਤੋਂ ਕਿਸੇ ਵੀ ਕੰਮ ਬਦਲੇ ਕਿਸੇ ਵੀ ਪੱਧਰ ’ਤੇ ਰਿਸ਼ਵਤ ਮੰਗੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਹੈਲਪਲਾਈਨ ਨੰਬਰ 81849-00002 ’ਤੇ ਲਿਖਤੀ ਸ਼ਿਕਾਇਤ ਵਟਸਐਪ ਕੀਤੀ ਜਾ ਸਕਦੀ ਹੈ ਅਤੇ NRI ਆਪਣੀ ਸ਼ਿਕਾਇਤ 94641-00168 ਨੰਬਰ ’ਤੇ ਭੇਜ ਸਕਦੇ ਹਨ। ਫਗਵਾੜਾ ਵਿਖੇ ਬਣਨ ਵਾਲੇ ਨਵੇਂ ਤਹਿਸੀਲ ਕੰਪਲੈਕਸ ਸਬੰਧੀ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੋਂ ਇਸ ਬਾਰੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਨਿਰਦੇਸ਼ ਦਿੱਤੇ ਕਿ ਇਸ ਪ੍ਰਾਜੈਕਟ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾ ਕੇ ਮਿੱਥੇ ਸਮੇਂ ਵਿਚ ਮੁਕੰਮਲ ਕਰਵਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ, ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਦੀਪ ਸਿੰਘ ਆਦਿ ਮੌਜੂਦ ਸਨ।