ਅੰਮ੍ਰਿਤਸਰ: ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਂਗਰਸੀ ਆਗੂ ਬੱਸੀ ’ਤੇ ਪਲਾਟ ਅਲਾਟਮੈਂਟ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਹਨ।ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਿਨੇਸ਼ ਬੱਸੀ ਨੂੰ ਮਿਲਣ ਲਈ ਵਿਜੀਲੈਂਸ ਦਫ਼ਤਰ ਅੰਮ੍ਰਿਤਸਰ ਪੁੱਜੇ।ਆਸ਼ੂ ਤੇ ਬੱਸੀ ਦੋਵੇ ਇਕੱਠੇ ਬੀਤੇ ਕੱਲ੍ਹ ਅਮਰਨਾਥ ਯਾਤਰਾ ਤੋਂ ਪਰਤੇ ਸੀ ਤੇ ਕੱਲ ਸ਼ਾਮ ਵੇਲੇ ਹੀ ਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ


ਇਸ ਦੌਰਾਨ ਅੰਮ੍ਰਿਤਸਰ ਵਿਜੀਲੈੰਸ ਬਿਊਰੋ ਦੇ SSP ਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਉਨਾਂ ਦੀ ਰਿਹਾਇਸ਼ ਤੋਂ ਅੰਮ੍ਰਿਤਸਰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਵਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਮ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਵੱਲੋਂ ਜਾਤੀ ਅਰਧ ਸਰਕਾਰੀ ਪੱਤਰ ਦੀ ਬਿਨਾਹ 'ਤੇ ਅਤੇ ਗੌਤਮ ਮਜੀਠੀਆ ਲਾਅ ਅਫਸਰ ਨਗਰ ਸੁਧਾਰ ਟਰੱਸਟ ਵੱਲੋਂ ਦਿਨੇਸ਼ ਬੱਸੀ ਖਿਲਾਫ ਦਿੱਤੇ ਬਿਆਨਾਂ 'ਤੇ ਇਹ ਕਾਰਵਾਈ  ਕੀਤੀ ਹੈ। 


ਉਨ੍ਹਾਂ ਕਿਹਾ ਕਿ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਵਿਕਾਸ ਖੰਨਾ ਤੇ ਰਾਘਵ ਸ਼ਰਮਾ ਦੇ ਖਿਲਾਫ ਪਾਇਆ ਗਿਆ ਕਿ ਸੋਹਣ ਸਿੰਘ ਨੇ ਆਪਣੇ ਅਟਾਰਨੀ ਕੁਲਵੰਤ ਸਿੰਘ ਰਾਏ ਜਰੀਏ ਦਾਵਾ ਕੀਤਾ ਕਿ ਸਾਲ 1988 'ਚ ਉਨਾਂ ਨੂੰ ਇਕ ਪਲਾਟ 204-ਡੀ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਅਲਾਟ ਕੀਤਾ ਗਿਆ ਸੀ। ਜਿਸ ਦੀ ਬਿਆਨਾ ਰਾਸ਼ੀ ਉਸ ਵੱਲੋਂ 1988 'ਚ 4000 ਰੁਪਏ ਜਮਾਂ ਕਰਵਾ ਦਿੱਤੀ ਸੀ। ਪਰ ਉਸ ਵੇਲੇ ਕੋਈ ਅਲਾਟਮੈਂਟ ਜਾਰੀ ਨਹੀਂ ਕੀਤੀ ਗਈ ਤੇ ਇਸ ਬਾਬਤ ਅਦਾਲਤ ਵੱਲੋਂ ਪਾਏ ਕੇਸ ਵੀ ਖਾਰਜ ਕੀਤੇ ਜਾ ਚੁੱਕੇ ਹਨ।


SSP ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਦਿਨੇਸ਼ ਬੱਸੀ ਨੇ ਆਪਣੇ ਸਾਥੀਆਂ ਰਾਘਵ ਸ਼ਰਮਾ ਤੇ ਵਿਕਾਸ ਖੰਨਾ ਨਾਲ ਮਿਲੀਭੁਗਤ ਕਰਕੇ ਪਲਾਟ ਦੀ ਅਲਾਟਮੈਂਟ ਸੁਰਜੀਤ ਕੌਰ ਪੁੱਤਰੀ ਸੋਹਣ ਨੂੰ ਸਰਕਾਰੀ ਰੇਟਾਂ ਤੇ ਬਾਜਾਰੀ ਰੇਟਾਂ ਨਾਲੋਂ ਘੱਟ ਰੇਟ 'ਤੇ ਕੀਤੀ ਜਿਸ ਨਾਲ ਇਕ ਪਾਸੇ ਸਰਕਾਰੀ ਖਜਾਨੇ ਨੂੰ ਨੁਕਸਾਨ ਹੋਇਆ ਨਾਲ ਹੀ ਅਦਾਲਤੀ ਹੁਕਮਾਂ ਦੀ ਵੀ ਉਲੰਘਣਾ ਕੀਤੀ। 


SSP ਨੇ ਦੱਸਿਆ ਕਿ ਦਿਨੇਸ਼ ਬੱਸੀ ਦੀ ਗ੍ਰਿਫਤਾਰੀ ਤੋਂ ਬਾਅਦ ਉਨਾਂ ਨੂੰ ਹੋਰ ਬੇਨਿਯਮੀਆਂ ਦੇ ਵੀ ਫੋਨ ਆ ਰਹੇ ਹਨ ਤੇ ਉਨਾਂ ਦੀ ਜਾਂਚ ਕੀਤੀ ਜਾਵੇਗੀ।ਦਸ ਦਈਏ ਕਿ ਦਿਨੇਸ਼ ਬੱਸੀ ਕੈਪਟਨ ਸਰਕਾਰ ਸਮੇਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ। ਜੁਲਾਈ 2022  'ਚ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ਨੇ ਇੱਕ ਚਿੱਠੀ ਲਿਖੀ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।