ਕਮਲਜੀਤ ਸਿੰਘ ਸੰਧੂ


 

ਬਰਨਾਲਾ : ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਭਦੌੜ ਜਿਥੇ ਚਰਚਾ ਦਾ ਵਿਸ਼ਾ ਰਿਹਾ ਹੈ, ਉਥੇ ਹੀ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਦੇ ਪਾਲਾ ਖਾਂ ਦੀ ਬੱਕਰੀ ਵੀ ਕਾਫ਼ੀ ਮਸ਼ਹੂਰ ਰਹੀ ਹੈ ਕਿਉਂਕਿ ਉਸ ਦੀ ਇੱਕ ਬੱਕਰੀ ਦੀ ਹਲਕਾ ਭਦੌੜ ਤੋਂ ਚੋਣ ਲੜਨ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਧਾਰ ਕੱਢੀ ਸੀ। ਅੱਜ ਉਹੀ ਬੱਕਰੀ ਮੁੜ ਚਰਚਾ ਵਿੱਚ ਹੈ ਕਿਉਂਕਿ ਇਸ ਬੱਕਰੀ ਨੂੰ ਹਲਕਾ ਚਮਕੌਰ ਸਾਹਿਬ ਤੋਂ ਆ ਕੇ ਲੋਕ ਖਰੀਦ ਕੇ ਲੈ ਕੇ ਗਏ ਹਨ।

 

ਬੱਕਰੀ ਦੇ ਮਾਲਕ ਪਾਲਾ ਖਾਨ ਅਨੁਸਾਰ ਚਮਕੌਰ ਸਾਹਿਬ ਤੋਂ ਆਏ ਲੋਕ ਖ਼ਰੀਦ ਕੇ ਲੈ ਕੇ ਗਏ ਹਨ, ਉਨ੍ਹਾਂ ਨੇ ਇੱਕੀ ਹਜ਼ਾਰ ਰੁਪਏ ਦੀ ਇਹ ਬੱਕਰੀ ਵੇਚੀ ਹੈ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਨਵੇਂ ਪਟੇ, ਝਾਂਜਰਾ ਨਾਲ ਸਜਾ ਕੇ ਵੇਚਿਆ ਹੈ। ਉੱਥੇ ਪਾਲਾ ਖਾਨ ਨੇ ਕਿਹਾ ਕਿ ਉਸਦੇ ਅੰਦਾਜ਼ੇ ਅਨੁਸਾਰ ਇਹ ਬੱਕਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੀ ਖਰੀਦੀ ਹੈ।   

ਇਸ ਸਬੰਧੀ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਬੱਕਰੀ ਦੇ ਮਾਲਕ ਪਾਲਾ ਖਾਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਨ੍ਹਾਂ ਕੋਲ ਰੁਕੇ ਸਨ ਅਤੇ ਬੱਕਰੀ ਦੀ ਧਾਰ ਕੱਢਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਦੌਰਾਨ ਉਨ੍ਹਾਂ ਬੱਕਰੀ ਦੀ ਬੋਤਲ ਵਿੱਚ ਧਾਰ ਵੀ ਕੱਢੀ। 


 

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੀਤੇ ਕੱਲ ਸਵੇਰ ਸਮੇਂ ਚਮਕੌਰ ਸਾਹਿਬ ਤੋਂ ਕੁਝ ਲੋਕ ਉਸ ਦੇ ਘਰ ਬੱਕਰੀ ਖ਼ਰੀਦਣ ਪਹੁੰਚੇ ਸਨ। ਜਿਨ੍ਹਾਂ ਨੇ ਦੱਸਿਆ ਕਿ ਉਹ ਬੱਕਰੀ ਦਾ ਮੁਫ਼ਤ ਦੁੱਧ ਲੋਕਾਂ ਨੂੰ ਸੇਵਾ ਦੇ ਤੌਰ 'ਤੇ ਦੇਣਾ ਚਾਹੁੰਦੇ ਹਨ। ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਬੱਕਰੀ ਵੇਚਣ ਦਾ ਫ਼ੈਸਲਾ ਕਰ ਲਿਆ।

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਬੱਕਰੀ ਦੇ ਇੱਕ ਲੱਖ ਰੁਪਏ ਤੱਕ ਦੇ ਆਫਰ ਵੀ ਆ ਚੁੱਕੇ ਹਨ, ਪ੍ਰੰਤੂ ਉਸ ਨੇ ਬੱਕਰੀ ਨਹੀਂ ਵੇਚੀ ਪਰ ਜੋ ਲੋਕ ਹੁਣ ਬੱਕਰੀ ਖਰੀਦਣ ਆਏ ਸਨ, ਉਨ੍ਹਾਂ ਨੂੰ ਸਿਰਫ਼ ਇੱਕੀ ਹਜ਼ਾਰ ਰੁਪਏ ਦੀ ਬੱਕਰੀ ਵੇਚ ਦਿੱਤੀ। 

 

ਪਾਲਾ ਖਾਨ ਨੇ ਦੱਸਿਆ ਕਿ  ਜੋ ਲੋਕ ਬੱਕਰੀ ਖਰੀਦਣ ਆਏ ਸਨ ,ਉਹ ਚਮਕੌਰ ਸਾਹਿਬ ਤੋਂ ਆਏ ਸਨ। ਉਸ ਨੂੰ ਅੰਦਾਜ਼ਾ ਹੈ ਕਿ ਇਹ ਲੋਕ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਜ਼ਦੀਕੀ ਸਨ ਅਤੇ ਚਰਨਜੀਤ ਚੰਨੀ ਨੇ ਹੀ ਇਨ੍ਹਾਂ ਨੂੰ ਬੱਕਰੀ ਖ਼ਰੀਦਣ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਵੇਚਣ ਵੇਲੇ ਉਸ ਨੇ ਬੱਕਰੀ ਦੇ ਪਟਾ ਤੇ ਝਾਂਜਰਾਂ ਨਾਲ ਸਜਾ ਕੇ ਵੇਚਿਆ ਹੈ।