ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਪੰਜਾਬ ਦੀ ਸਿਆਸਤ (Punjab Politics) 'ਚ ਆਪਣੇ ਅਗਲੇ ਕਦਮ ਬਾਰੇ ਵੱਡਾ ਐਲਾਨ ਕਰ ਸਕਦੇ ਹਨ। ਉਹ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਵਾਲੇ ਹਨ। ਇਹ ਵੀ ਚਰਚਾ ਹੈ ਕਿ ਇਸ ਮੌਕੇ ਉਹ ਅਰੂਸਾ ਆਲਮ, ਬੀਐਸਐਫ ਤੇ ਖੇਤੀਬਾੜੀ ਕਾਨੂੰਨ (Agriculture Law) ਵਰਗੇ ਗੰਭੀਰ ਮੁੱਦਿਆਂ 'ਤੇ ਵੀ ਤਿੱਖੀ ਪ੍ਰਤੀਕਿਰਿਆ ਦੇਣਗੇ। ਉਨ੍ਹਾਂ ਦੇ ਇਸ ਐਲਾਨ ਨਾਲ ਪੰਜਾਬ ਕਾਂਗਰਸ (Punjab Congress) 'ਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਈਕਮਾਨ ਸਮੇਤ ਕਈ ਦਿੱਗਜਾਂ ਨੇ ਵਿਧਾਇਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦੌਰਾਨ ਕੈਪਟਨ ਦੇ ਕਰੀਬੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਟਵੀਟ ਕੀਤਾ, ਜਿਸ 'ਚ ਉਨ੍ਹਾਂ ਸੰਕੇਤ ਦਿੱਤਾ ਕਿ ਕੈਪਟਨ ਦੀ ਨਵੀਂ ਪਾਰਟੀ 'ਚ ਕਾਂਗਰਸ ਦਾ ਨਾਂ ਸ਼ਾਮਲ ਹੋਵੇਗਾ। ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਤੇ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਈ ਹੈ, ਉਸੇ ਤਰ੍ਹਾਂ ਕੈਪਟਨ ਵੀ ਆਪਣੀ ਪਾਰਟੀ ਦੇ ਨਾਂ 'ਚ ਕਾਂਗਰਸ ਸ਼ਬਦ ਸ਼ਾਮਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਨਵੀਂ ਪਾਰਟੀ ਦੇ ਗਠਨ ਮੌਕੇ 10 ਤੋਂ ਵੱਧ ਕਾਂਗਰਸੀ ਵਿਧਾਇਕ ਵੀ ਕੈਪਟਨ ਨਾਲ ਮੰਚ ਸਾਂਝਾ ਕਰਨਗੇ, ਜਿਨ੍ਹਾਂ 'ਚ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਸ਼ਾਮਲ ਹੋ ਸਕਦੇ ਹਨ।
ਦੱਸ ਦਈਏ ਕਿ ਆਪਣੇ 52 ਸਾਲਾਂ ਦੇ ਸਿਆਸੀ ਸਫ਼ਰ 'ਚ 79 ਸਾਲਾ ਕੈਪਟਨ ਲਈ ਇਹ ਦੂਜੀ ਵਾਰ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਮੌਕਾ ਹੋਵੇਗਾ। 1992 'ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਪਾਰਟੀ ਬਣਾਈ। ਭਾਵੇਂ ਉਹ ਇਸ 'ਚ ਕਾਮਯਾਬ ਨਹੀਂ ਹੋ ਸਕੇ ਸਨ, ਪਰ 1998 ਦੀਆਂ ਚੋਣਾਂ ਵਿੱਚ 2 ਸੀਟਾਂ ਪਟਿਆਲਾ ਤੇ ਤਲਵੰਡੀ ਸਾਬੋ 'ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਕਾਂਗਰਸ ਪਾਰਟੀ 'ਚ ਵਾਪਸ ਆ ਗਏ ਸਨ।
ਪਾਰਟੀ ਦੇ ਐਲਾਨ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਹੁਣ ਪਟਿਆਲਾ ਅਤੇ ਹੋਰ ਥਾਵਾਂ 'ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਆਪਣੇ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਮੈਨੂੰ ਇੰਨੀ ਨੀਵੇਂ ਪੱਧਰ ਦੀ ਸਿਆਸੀ ਖੇਡ ਨਾਲ ਨਹੀਂ ਹਰਾ ਸਕਦੇ। ਅਜਿਹੇ ਕਦਮ ਨਾ ਤਾਂ ਤੁਸੀਂ ਵੋਟਾਂ ਲੈ ਸਕੋਗੇ ਅਤੇ ਨਾ ਹੀ ਲੋਕਾਂ ਦਾ ਦਿਲ ਜਿੱਤ ਸਕੋਗੇ। ਉਨ੍ਹਾਂ ਕਿਹਾ ਹੈ ਕਿ ਉਹ ਅਜਿਹੀਆਂ ਹਰਕਤਾਂ ਤੋਂ ਡਰਨ ਵਾਲਾ ਨਹੀਂ।
ਇਹ ਵੀ ਪੜ੍ਹੋ: ਵਿਅਕਤੀ ਨੇ 42 ਲੱਖ ਦਾ ਕੋਰੋਨਾ ਕਰਜ਼ਾ ਲੈ ਕੇ ਪੂਰਾ ਕੀਤਾ ਆਪਣਾ ਸ਼ੌਕ, ਜਾਣੋ ਅਜਿਹਾ ਕੀ ਕੀਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/