Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਦੋ ਟੱਚ ਸਕਰੀਨ ਤੇ 7 ਕੀਪੈਡ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਇਸ ਸਬੰਧੀ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਇੱਕ ਕੈਦੀ ਤੇ 5 ਹਵਾਲਾਤੀਆਂ ਸਣੇ ਨਾਮਲੂਮਾਂ ਖਿਲਾਫ ਥਾਣਾ ਕੋਤਵਾਲੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤਕ 400 ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। 


ਹਾਸਲ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਮਾਡਰਨ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇੱਥੋਂ ਮੋਬਾਈਲ ਫੋਨ ਤੇ ਨਸ਼ਾ ਬਰਾਮਦ ਹੋਣਾ ਆਮ ਹੀ ਗੱਲ ਹੋ ਚੁੱਕੀ ਹੈ। ਪਿਛਲੇ ਸਮੇਂ ਦੌਰਾਨ 6 ਅਗਸਤ ਨੂੰ ਜੇਲ੍ਹ ਦਾ ਇੱਕ ਸਹਾਇਕ ਸੁਪਰਡੈਂਟ ਵਿੰਨੀ ਟਾਂਕ ਨੂੰ ਜੇਲ੍ਹ ਵਿੱਚ ਨਸ਼ਾ ਤੇ ਮੋਬਾਈਲ ਫੋਨ ਸਪਲਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ 13 ਅਗਸਤ ਨੂੰ 32 ਮੋਬਾਈਲ ਫ਼ੋਨ ਦੀ ਖੇਪ ਬਰਾਮਦ ਕੀਤੀ ਸੀ। ਇਸੇ ਤਰਾਂ ਮੋਗਾ ਪੁਲਿਸ ਦੇ ਇਕ ਏਐਸਆਈ ਦੀ ਵੀ ਨਸ਼ਾ ਸਪਲਾਈ ਕਰਾਉਣ ਵਿਚ ਸ਼ਮੂਲੀਅਤ ਸਾਹਮਣੇ ਆਈ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਜੇਲ ਪ੍ਰਸ਼ਾਸ਼ਨ ਦਾ ਦਾਅਵਾ ਹੈ ਕਿ ਇਹ ਸਾਰੀ ਬਰਾਮਦਗੀ ਉੰਨਾ ਦੀ ਢਿੱਲ ਕਾਰਨ ਨਹੀਂ, ਸਗੋਂ ਉੰਨਾ ਵਲੋਂ ਕੀਤੀ ਜਾ ਰਹੀ ਸਖਤੀ ਕਾਰਨ ਹੋ ਰਹੀ ਹੈ। 



ਜੇਲ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਹਰ ਰੋਜ ਦਿਨ ਰਾਤ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ। ਇਹ ਮੋਬਾਈਲ ਪੇਸ਼ੀ ਲਈ ਬਾਹਰ ਜਾਣ ਵਾਲੇ ਹਵਾਲਾਤੀਆਂ ਵਲੋਂ ਆਪਣੇ ਪ੍ਰਾਈਵੇਟ ਪਾਰਟ ਵਿਚ ਲੂਕਾ ਕੇ ਲਿਆਂਦੇ ਜਾ ਰਹੇ ਹੈ ਤੇ ਜੇਲ ਪ੍ਰਸ਼ਾਸਨ ਕੋਲ ਬੋਡੀ ਸਕੈਨ ਕਰਨ ਦੇ ਉਪਕਰਨ ਨਹੀਂ ਹਨ। ਉਨਾਂ ਕਿਹਾ ਕਿ ਜੇਲ ਵਿਭਾਗ ਵਲੋ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਖਤ ਤਾੜਨਾ ਕੀਤੀ ਗਈ ਹੈ ਅਤੇ ਕਈ ਵਾਰ ਕਾਰਵਾਈ ਵੀ ਕੀਤੀ ਜਾ ਚੁੱਕੀਆਂ ਹਨ। ਨਾਲ ਹੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। 


ਇਸ ਤੋਂ ਇਲਾਵਾ ਫਰੀਦਕੋਟ ਜੇਲ ਦੀ ਬਾਹਰਲੀ ਦੀਵਾਰ ਦੇ ਰਾਹੀਂ ਥਰੋ ਕਰਕੇ ਵੀ ਮੋਬਾਈਲ ਬੈਰਕਾਂ ਤੱਕ ਪਹੁੰਚ ਰਹੇ ਸਨ ਜਿਸਨੂੰ ਰੋਕਣ ਲਈ ਕਦਮ ਚੁੱਕੇ ਗਏ ਹਨ ਅਤੇ ਹਾਲਾਤ ਬਦਲੇ ਹਨ। ਫਰੀਦਕੋਟ ਜੇਲ ਦੀ ਦੀਵਾਰ ਦੇ ਨੇੜੇ ਹੀ ਬੈਰਕਾਂ ਹਨ ਜਿਸ ਕਾਰਨ ਸ਼ਰਾਰਤੀ ਅਨਸਰ ਥਰੋ ਕਰਕੇ ਬੈਰਕਾਂ ਤਕ ਮੋਬਾਈਲ ਤੇ ਹੋਰ ਸਮਾਨ ਪਹੁੰਚਾ ਰਹੇ ਹਨ।  ਆਉਣ ਵਾਲੇ ਦਿਨਾਂ ਵਿਚ ਬਾਹਰਲੀ 20 ਫੁਟ ਉਚੀ ਦੀਵਾਰ ਤੇ 20 ਫੁਟ ਊਚੀ ਜਾਲੀ ਲਾਉਣ ਦੀ ਯੋਜਨਾ ਹੈ ਜਿਸਤੋ ਬਾਅਦ ਥਰੋ ਦੀ ਸੰਭਾਵਨਾ ਖਤਮ ਹੋ ਜਾਵੇਗੀ।