ਗੁਰਦਾਸਪੁਰ: 21 ਸਾਲਾ ਨੌਜਵਾਨ ਦਾ ਜਨਮ ਦਿਨ ਹੀ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ। ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਮੌਤ ਮਗਰੋਂ ਦੋਸਤ ਨੇ ਲਾਸ਼ ਨੂੰ ਟਿਕਾਣੇ ਲਉਣ ਦਾ ਕੋਸ਼ਿਸ਼ ਕੀਤਾ ਤਾਂ ਪੁਲਿਸ ਨੇ ਉਸ ਨੂੰ ਲਾਸ਼ ਸਮੇਤ ਕਾਬੂ ਕਰ ਲਿਆ। ਇਸ ਦੇ ਨਾਲ ਹੀ ਨਸ਼ਾ ਵੇਚਣ ਵਾਲੀ ਔਰਤ ਵੀ ਗ੍ਰਿਫਤਾਰ ਕਰ ਲਈ ਗਈ ਹੈ।


ਦਰਅਸਲ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਗੁਰਦਾਸਪੁਰ ਵਿੱਚ ਵੀ ਇੱਕ 21 ਸਾਲਾ ਨੌਜਵਾਨ ਹਰਸ਼ ਦੀ ਜਨਮ ਦਿਨ ਵਾਲ਼ੇ ਦਿਨ ਹੀ ਓਵਰਡੋਜ਼ ਨਾਲ ਮੌਤ ਹੋਈ ਹੈ। ਹਰਸ਼ ਘਰੋਂ ਪੈਸੇ ਲੈ ਕੇ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਿਆ ਸੀ ਪਰ ਰਸਤੇ ਵਿੱਚ ਚਿੱਟਾ ਲਾਉਣ ਨਾਲ ਉਸ ਦੀ ਮੌਤ ਹੋ ਗਈ।


ਉਸ ਦੀ ਲਾਸ਼ ਨੂੰ ਠਿਕਾਣੇ ਲਾਉਣ ਲਈ ਉਸ ਦਾ ਦੋਸਤ ਘੁੰਮ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਲਾਸ਼ ਸਮੇਤ ਕਾਬੂ ਕਰ ਲਿਆ। ਇਨ੍ਹਾਂ ਨੇ ਜਿਸ ਔਰਤ ਕੋਲੋਂ ਨਸ਼ਾ ਲਿਆ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਥਾਣਾ ਸਦਰ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮ੍ਰਿਤਕ ਨੌਜਵਾਨ ਦੇ ਪਿਤਾ ਦਵਿੰਦਰ ਕੁਮਾਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। 


ਉਨ੍ਹਾਂ ਦੱਸਿਆ ਕੀ ਹਰਸ਼ ਨਾਮ ਦੇ ਨੌਜਵਾਨ ਦਾ ਜਨਮ ਦਿਨ ਸੀ। ਇਹ ਨੌਜਵਾਨ ਆਪਣੇ ਦੋਸਤ ਈਸ਼ਰ ਕੁਮਾਰ ਨਾਲ ਜਨਮ ਦਿਨ ਦੀ ਪਾਰਟੀ ਕਰਨ ਲਈ ਗਿਆ ਸੀ। ਇਨ੍ਹਾਂ ਨੇ ਪਿੰਡ ਗਾਂਧੀਆਂ ਤੋਂ ਚਿੱਟੇ ਦਾ ਨਸ਼ਾ ਲਿਆ ਤੇ ਦੋਨਾਂ ਨੇ ਨਸ਼ਾ ਕੀਤਾ। ਹਰਸ਼ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਤੇ ਉਸ ਦਾ ਦੋਸਤ ਈਸ਼ਰ ਕੁਮਾਰ ਉਸ ਦੀ ਲਾਸ਼ ਨੂੰ ਠਿਕਾਣੇ ਲਾਉਣ ਦੀ ਨੀਅਤ ਨਾਲ ਘੁੰਮ ਰਿਹਾ ਸੀ।


ਪੁਲਿਸ ਨੇ ਉਸ ਨੂੰ ਲਾਸ਼ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਇੱਕ ਮਹਿਲਾ ਪ੍ਰਮਿਲਾ ਦੇਵੀ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਉਸ ਕੋਲੋਂ ਇਹ ਨੌਜਵਾਨ ਨਸ਼ਾ ਲੈ ਕੇ ਆਏ ਸਨ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।