ਚੰਡੀਗੜ੍ਹ: ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਕਹਿਰ ਢਾਹ ਰਹੀ ਹੈ। ਹੁਣ ਤੱਕ ਇਸ ਦੀ ਲਪੇਟ ਵਿੱਚ ਹਜ਼ਾਰਾਂ ਪਸ਼ੂ ਆ ਗਏ ਹਨ। ਇਸ ਕਾਰਨ ਪਸ਼ੂ ਪਾਲਕਾਂ ਵਿੱਚ ਸਹਿਮ ਦਾ ਮਾਹੌਲ ਹੈ। ਉਧਰ, ਪੰਜਾਬ ਸਰਕਾਰ ਨੇ ਇਸ ਬਾਰੇ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਵਾਂਗ ਇਸ ਬਿਮਾਰੀ ਨਾਲ ਨਜਿੱਠਣ ਲਈ ਵੈਟਰਨਰੀ ਸਟਾਫ਼ ਨੂੰ ਦਿਨ-ਰਾਤ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 



ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਅਧਿਕਾਰੀਆਂ ਨੂੰ ਰੋਜ਼ਾਨਾ ਅੱਧਾ ਦਿਨ ਫ਼ੀਲਡ ਵਿੱਚ ਗੇੜਾ ਮਾਰਨ ਲਈ ਕਿਹਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ। 


ਦੱਸ ਦਈਏ ਕਿ ਲੰਪੀ ਸਕਿਨ ਦੇ ਕਈ ਦਿਨਾਂ ਤੋਂ ਕੇਸ ਸਾਹਮਣੇ ਆ ਰਹੀ ਹਨ। ਹੁਣ ਜਦੋਂ ਇਹ ਬਿਮਾਰੀ ਵਧਣ ਲੱਗੀ ਹੈ ਤਾਂ ਵਿਭਾਗ ਦੀ ਜਾਗ ਖੁੱਲ੍ਹੀ ਹੈ। ਦੋ ਹਫ਼ਤਿਆਂ ਮਗਰੋਂ ਮਹਿਕਮੇ ਨੇ ਫ਼ੀਲਡ ਸਟਾਫ਼ ਕੋਲੋਂ ਰੋਜ਼ਾਨਾ ਰਿਪੋਰਟ ਲੈਣੀ ਸ਼ੁਰੂ ਕੀਤੀ ਹੈ। 


ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਹੁਣ ਤੱਕ ਕਰੀਬ 10 ਹਜ਼ਾਰ ਪਸ਼ੂ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਪੰਜਾਬ ਵਿੱਚ ਕਰੀਬ 40 ਫ਼ੀਸਦ ਗਊਆਂ ਇਸ ਬਿਮਾਰੀ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚੋਂ 10 ਤੋਂ 15 ਫ਼ੀਸਦੀ ਗਊਆਂ ਦੀ ਹਾਲਤ ਗੰਭੀਰ ਹੈ।


ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਦੱਸਿਆ ਕਿ ਪੰਜਾਬ ਵਿੱਚ ਵੈਟਰਨਰੀ ਇੰਸਪੈਕਟਰਾਂ ਤੇ ਦਵਾਈਆਂ ਦੀ ਵੱਡੀ ਘਾਟ ਹੈ ਜਿਸ ਕਰ ਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਵਾਈਆਂ ਦੀ ਖ਼ਰੀਦ ਆਦਿ ਲਈ ਸਮੂਹ ਜ਼ਿਲ੍ਹਿਆਂ ਨੂੰ 76 ਲੱਖ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਇਸ ਬਿਮਾਰੀ ਦੇ ਜ਼ਿਆਦਾ ਫੈਲਣ ਦੀਆਂ ਰਿਪੋਰਟਾਂ ਹਨ, ਇਸ ਲਈ ਸਰਹੱਦੀ ਜ਼ਿਲ੍ਹਿਆਂ ਨੂੰ ਪੰਜ-ਪੰਜ ਲੱਖ ਰੁਪਏ ਜਾਰੀ ਕੀਤੇ ਗਏ ਹਨ ਤੇ ਬਾਕੀ ਜ਼ਿਲ੍ਹਿਆਂ ਨੂੰ ਤਿੰਨ-ਤਿੰਨ ਲੱਖ ਰੁਪਏ ਦੇ ਫੰਡ ਦਿੱਤੇ ਗਏ ਹਨ।