ਚੰਡੀਗੜ੍ਹ: ਪੰਜਾਬ ਦੇ ਉੱਘੇ ਖੇਤੀ ਵਿਗਿਆਨੀ ਡਾਕਟਰ ਗੁਰਚਰਨ ਸਿੰਘ ਕਾਲਕਟ ਦੀ ਮੌਤ ਹੋਈ ਹੈ। 92 ਸਾਲ ਦੇ ਡਾਕਟਰ ਕਾਲਕਟ ਅੱਜ ਦੁਪਹਿਰ ਪੀ.ਜੀ.ਆਈ.ਐਮ.ਈ.ਆਰ. ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰ ਕਾਲਕਟ ਸੂਬੇ ਵਿੱਚ ਹਰੀ ਕ੍ਰਾਂਤੀ ਲਿਆਉਣ ਤੋਂ ਇਲਾਵਾ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਸਾਰੇ ਮਿਸਾਲੀ ਸੁਧਾਰ ਲਿਆਉਣ ਵਿੱਚ ਮੋਹਰੀ ਸਨ। ਉਨ੍ਹਾਂ ਨੇ ਖੇਤੀਬਾੜੀ ਸੈਕਟਰ ਵਿੱਚ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਡਾਕਟਰ ਕਾਲਕਟ ਦੇ ਵਿਲੱਖਣ ਯੋਗਦਾਨ ਨੂੰ ਯਾਦ ਕੀਤਾ।
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਬਾਨੀ ਚੇਅਰਮੈਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਇਸ ਚਾਂਸਲਰ ਅਤੇ ਪਦਮ ਸ੍ਰੀ ਤੇ ਪਦਮ ਭੂਸ਼ਨ ਅਵਾਰਡ ਜੇਤੂ ਡਾਕਟਰ ਕਾਲਕਟ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਕਾਲਕਟ ਨੇ ਆਪਣੇ ਸਮੁੱਚੇ ਜੀਵਨ ਦੌਰਾਨ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਣਥੱਕ ਕੰਮ ਕਰਨ ਤੋਂ ਇਲਾਵਾ ਖੇਤੀਬਾੜੀ ਉਤਪਾਦਨ ਵਿੱਚ ਮਿਆਰੀ ਅਤੇ ਮਿਕਦਾਰੀ ਉਤਪਾਦਨ ਦੇ ਵਾਧੇ ਵਾਸਤੇ ਨਵੇਂ ਖੇਤੀ ਅਮਲਾਂ ਨੂੰ ਲਾਗੂ ਕੀਤਾ। ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ।