ਅੰਮ੍ਰਿਤਸਰ: ਗੁਰੂ ਨਗਰੀ ਦੇ ਪੁਲਿਸ ਥਾਣਾ ਵੇਰਕਾ ਵਿੱਚ ਇੱਕ ਨੌਜਵਾਨ ਦੀ ਹਿਰਾਸਤ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਪਰ ਪੁਲਿਸ ਅਧਿਕਾਰੀ ਫਿਰ ਜਾਂਚ ਦਾ ਰਟਿਆ-ਰਟਾਇਆ ਜਵਾਬ ਦੇ ਕੇ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਮਲਾ ਅੱਜ ਸਵੇਰ ਦਾ ਹੈ। ਦਰਅਸਲ ਵੇਰਕਾ ਥਾਣੇ ਤੋਂ ਆਏ ਪੁਲਿਸ ਮੁਲਾਜ਼ਮਾਂ ਵਲੋਂ ਅੱਜ ਤੜਕੇ ਸੇਵਾ ਸਿੰਘ ਨਾਂਅ ਦੇ ਨੌਜਵਾਨ ਦੇ ਘਰ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਵੱਲੋਂ ਪਰਿਵਾਰ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਕਿਸੇ ਕੇਸ ਦੇ ਸਬੰਧ ਵਿੱਚ ਪੁੱਛ-ਗਿੱਛ ਲਈ ਲਿਜਾਇਆ ਜਾ ਰਿਹਾ ਹੈ।

ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਫ਼ੋਨ ਕਰ ਕੇ ਦੱਸਿਆ ਕਿ ਕਿ ਸੇਵਾ ਸਿੰਘ ਦੀ ਤਬੀਅਤ ਇੱਕ ਦਮ ਖਰਾਬ ਹੋ ਗਈ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਸੇਵਾ ਸਿੰਘ ਦੀ ਮਾਂ ਪ੍ਰੇਮ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਦੇ ਉੱਤੇ ਕੋਈ ਵੀ ਪੁਲਿਸ ਕੇਸ ਨਹੀਂ ਸੀ ਪਾਰ ਫਿਰ ਵੀ ਪੁਲਿਸ ਨੇ ਅੱਜ ਉਸ ਨੂੰ ਤੜਕੇ ਘਰੋਂ ਗ੍ਰਿਫ਼ਤਾਰ ਕਰ ਲਿਆ।

ਇਸ ਮਾਮਲੇ ਬਾਰੇ ਪਹਿਲਾਂ ਤਾਂ ਪੁਲਿਸ ਕੁਝ ਵੀ ਬੋਲਣ ਤੋਂ ਬਚਦੀ ਰਹੀ ਪਰ ਬਾਅਦ ਵਿੱਚ ਮੌਕੇ ਤੇ ਪਹੁੰਚੇ ਏ.ਡੀ.ਸੀ.ਪੀ. ਜਗਜੀਤ ਸਿੰਘ ਵਾਲਿਆ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉੱਧਰ ਸੇਵਾ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਵਲੋਂ ਸੇਵਾ ਸਿੰਘ ਨਾਲ ਅਣਮਨੁੱਖੀ ਤਸ਼ੱਦਤ ਕੀਤੇ ਜਾਣ ਕਰਕੇ ਉਸ ਦੀ ਮੌਤ ਹੋਈ ਹੈ।