ਚੰਡੀਗੜ੍ਹ: ਪੰਜਾਬ ਕਾਂਗਰਸ,ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਮਮਤਾ ਬੈਨਰਜੀ ਨੂੰ ਇਕ ਹਫਤਾ ਪਹਿਲਾਂ ਅਸਤੀਫਾ ਭੇਜ ਦਿੱਤਾ ਸੀ ਤੇ ਉਹ ਉਨ੍ਹਾਂ ਨੂੰ ਦਿੱਤੀ ਜ਼ਿੰਮੇਵਾਰ ਲਈ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅਗਲੇ ਸਿਆਸੀ ਜੀਵਨ ਦੀ ਰਣਨੀਤੀ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਬਣਾਉਣਗੇ ਤੇ ਇਸ ਲਈ ਅਜੇ ਸਮਾਂ ਲੱਗੇਗਾ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਬਰਾੜ ਨੇ ਕੋਈ ਸਿਆਸੀ ਪਾਰਟੀ ਛੱਡ ਕੇ ਉਸ 'ਤੇ ਸਿਆਸੀ ਹਮਲਾ ਨਹੀਂ ਕੀਤਾ ਹੈ। ਉਹ ਜਦੋਂ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ 'ਚੋਂ ਬਾਹਰ ਆਏ ਤਾਂ ਦੋਵਾਂ ਪਾਰਟੀਆਂ ਨੇ ਲੀਡਰਾਂ ਨੂੰ ਤਿੱਖਾ ਨਿਸ਼ਾਨਾ ਬਣਾਇਆ ਸੀ। ਆਮ ਆਦਮੀ ਪਾਰਟੀ 'ਚ ਉਹ ਬੜੇ ਉਤਸ਼ਾਹ ਨਾਲ ਆਏ ਸਨ ਪਰ ਜਦੋਂ ਟਿਕਟ ਦੀ ਗੱਲ ਬਣਦੀ ਨਾ ਦਿਖੀ ਤਾਂ ਉਹ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਛੱਡ ਗਏ।
ਇਸੇ ਤਰ੍ਹਾਂ ਕਾਂਗਰਸ 'ਚ ਉਨ੍ਹਾਂ ਦੇ ਨਿਸ਼ਾਨੇ 'ਤੇ ਗਾਂਧੀ ਪਰਿਵਾਰ ਤੇ ਕੈਪਟਨ ਪਰਿਵਾਰ ਸੀ। ਉਨ੍ਹਾਂ ਇਨ੍ਹਾਂ ਦੋਵਾਂ 'ਤੇ ਕਾਫੀ ਤਿੱਖੇ ਹਮਲੇ ਕੀਤੇ ਸਨ ਪਰ ਬਾਅਦ 'ਚ ਮੁੜ ਰਾਹੁਲ ਗਾਂਧੀ ਨੂੰ ਮਿਲ ਕੇ ਕਾਂਗਰਸ ਦਾ ਹਿੱਸਾ ਰਹੇ। ਉਸ ਤੋਂ ਬਾਅਦ ਉਨ੍ਹਾਂ ਦੀ ਚਰਚਾ ਬੀਜੇਪੀ 'ਚ ਜਾਣ ਬਾਰੇ ਵੀ ਛਿੜੀ ਸੀ ਪਰ ਨਹੀਂ ਗਏ।