Gangster Deepak Tinu Case : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਭਗੌੜੇ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਖ਼ਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ (Pritpal Singh) ਦਾ ਪੁਲੀਸ ਵੱਲੋਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ, ਜਿਸ ਦੀ ਕਿਸੇ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ। 



 

ਇਸ ਮਗਰੋਂ ਬਰਖ਼ਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮੁੜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੇਸ਼ੀ ਤੋਂ ਬਾਅਦ ਅਦਾਲਤ ਨੇ ਪ੍ਰਿਤਪਾਲ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ ਅਤੇ 12 ਅਕਤੂਬਰ ਨੂੰ ਪ੍ਰਿਤਪਾਲ ਸਿੰਘ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਪ੍ਰਿਤਪਾਲ ਸਿੰਘ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਸੀ।

 

ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਹਾਲਾਂਕਿ ਡੀਜੀਪੀ ਗੌਰਵ ਯਾਦਵ ਨੇ ਸੀਆਈਏ ਇੰਚਾਰਜ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਅਧਿਕਾਰੀ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਹੈ।ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਫਰਾਰ ਦੀਪਕ ਟੀਨੂੰ ਨੂੰ ਲੈ ਕੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।

 


 


ਦੱਸ ਦੇਈਏ ਕਿ ਮਾਮਲੇ ਦੀ ਜਾਂਚ ਦੌਰਾਨ ਮੁਅੱਤਲ ਕੀਤੇ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਨੇ ਕਈ ਖ਼ੁਲਾਸੇ ਕੀਤੇ ਹਨ। ਦੀਪਕ ਟੀਨੂੰ ਨੇ ਪ੍ਰਿਤਪਾਲ ਸਿੰਘ ਨੂੰ ਨਾਜਾਇਜ਼ ਹਥਿਆਰਾਂ ਬਾਰੇ ਦੱਸਣ ਅਤੇ ਹੋਰ ਜਾਣਕਾਰੀਆਂ ਦੇਣ ਦੇ ਝਾਂਸੇ ਵਿਚ ਲੈ ਲਿਆ ਸੀ। ਇਸ ਵਜ੍ਹਾ ਨਾਲ ਪ੍ਰਿਤਪਾਲ ਟੀਨੂੰ ਨੂੰ ਬਾਹਰ ਲੈ ਕੇ ਗਿਆ। ਇਸ ਬਾਰੇ ਪ੍ਰਿਤਪਾਲ ਨੇ ਨਾ ਤਾਂ ਕਿਸੇ ਸੀਨੀਅਰ ਅਫ਼ਸਰ ਨੂੰ ਦੱਸਿਆ ਤੇ ਨਾ ਹੀ ਰਿਕਾਰਡ ਵਿਚ ਕੁੱਝ ਦਰਜ ਕੀਤਾ।  


ਇਸ ਕਰਕੇ ਬਰਖ਼ਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਟੀਨੂੰ ਨੂੰ ਮੋਬਾਇਲ ਵੀ ਮੁਹੱਈਆ ਕਰਵਾਇਆ ਸੀ। ਟੀਨੂ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਮੋਬਾਇਲ ਮਿਲਿਆ ਸੀ। ਉਸੇ ਤੋਂ ਫਰਾਰ ਹੋਣ ਦੀ ਪੂਰੀ ਪਲਾਨਿੰਗ ਕੀਤੀ ਗਈ। ਜਦੋਂ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਬਿਨਾਂ ਕਿਸੇ ਸੁਰੱਖਿਆ ਮੁਲਾਜ਼ਮ ਦੇ ਆਪਣੀ ਨਿੱਜੀ ਗੱਡੀ ਵਿੱਚ ਗੈਂਗਸਟਰ ਦੀਪਕ ਟੀਨੂੰ ਨੂੰ ਇਕੱਲਿਆਂ ਲੈ ਕੇ ਜਾ ਰਿਹਾ ਸੀ ਤਾਂ ਦੀਪਕ ਟੀਨੂੰ ਚਕਮਾ ਦੇ ਕੇ ਫਰਾਰ ਹੋ ਗਿਆ।