ਚੰਡੀਗੜ੍ਹ/ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਲਿਜਾਣ ਲਈ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹਿਰਾਸਤ 'ਚ ਲੈ ਲਿਆ ਹੈ। 


ਉਸਨੂੰ ਮਾਨਸਾ ਅਦਾਲਤ 'ਚ ਕੀਤਾ ਜਾਏਗਾ ਪੇਸ਼, ਆਰੋਪ ਹੈ ਕਿ ਉਸਦਾ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਵਿੱਚ ਹੱਥ ਹੈ।ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ 14 ਦਿਨ ਦਾ ਰਿਮਾਂਡ ਪੂਰਾ ਹੋਣ 'ਤੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ ਸੀ।


ਜਿੱਥੇ ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਹਾਊਸ ਕੋਰਟ ਤੋਂ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਸੀ।ਕੋਰਟ 'ਚ ਪੰਜਾਬ ਪੁਲਿਸ ਦੇ ਵਕੀਲ ਨੇ ਕਿਹਾ ਕਿ ਕਿ ਚਾਰ ਕਥਿਤ ਸ਼ੂਟਰਾਂ ਵਿੱਚੋਂ 2 ਜਗਦੀਪ ਭਗਵਾਨਪੁਰੀਆ ਨਾਲ ਜੁੜੇ ਹੋਏ ਹਨ, ਜਿਸ ਕਰਨ ਜੱਗੂ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਲੈਣ ਦੀ ਲੋੜ ਹੈ। 


ਜਦੋਂ ਕੇ ਭਗਵਾਨਪੁਰੀਆ ਦੇ ਵਕੀਲ ਨੇ ਪੰਜਾਬ ਪੁਲਿਸ ਦੇ ਟ੍ਰਾਂਜ਼ਿਟ ਰਿਮਾਂਡ ਦਾ ਵਿਰੋਧ ਕੀਤਾ। ਉਥੇ ਹੀ ਪਟਿਆਲਾ ਹਾਊਸ ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਹਿਰਾਸਤ 'ਚ ਲੈਣ ਦੇ ਹੁਕਮ ਦਿੱਤੇ ਅਤੇ ਪੰਜਾਬ ਪੁਲਿਸ ਨੂੰ ਜੱਗੂ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ।


ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਗ੍ਰਿਫਤਾਰ ਹੈ। ਕਥਿਤ ਤੌਰ 'ਤੇ, ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੋਣ ਦਾ ਇਕਬਾਲ ਕੀਤਾ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਵਿੱਚ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 


ਕੁਝ ਹਮਲਾਵਰਾਂ ਨੇ ਉਸ ਦੀ ਕਾਰ ਰੋਕ ਕੇ ਤਾਬੜਤੋੜ ਗੋਲੀਬਾਰੀ ਕੀਤੀ।ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਜਾ ਰਿਹਾ ਸੀ।ਇਹ ਨਾ ਸਿਰਫ਼ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਸੀ ਕਿਉਂਕਿ ਇੱਕ ਉੱਘੇ ਗਾਇਕ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।