ਆਪਣੇ ਘਰਦਿਆਂ 'ਤੇ ਇਲਜ਼ਾਮ ਲਾਉਣ ਵਾਲੀ ਲੜਕੀ ਜੋਤੀ ਮੁਤਾਬਕ ਉਹ ਨਿਊਜ਼ੀਲੈਂਡ ਗਏ ਹੋਏ ਬਠਿੰਡਾ ਦੇ ਹੀ ਇੱਕ ਲੜਕੇ ਨੂੰ ਪਿਆਰ ਕਰਦੀ ਹੈ ਤੇ ਉਸ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ। ਪਰ ਪਰਿਵਾਰ ਇਸ ਦਾ ਵਿਰੋਧ ਕਰ ਰਿਹਾ ਹੈ। ਜੋਤੀ ਨੇ ਦੱਸਿਆ ਕਿ ਉਹ ਉਸ ਲੜਕੇ ਨੂੰ ਪਿਛਲੇ ਅੱਠ ਸਾਲਾਂ ਤੋਂ ਜਾਣਦੀ ਹੈ। ਉਸ ਨੇ ਦੱਸਿਆ ਕਿ ਬੀਤੀ 17 ਦਸੰਬਰ ਨੂੰ ਉਹ ਲੜਕਾ ਨਿਊਜ਼ੀਲੈਂਡ ਤੋਂ ਬਠਿੰਡਾ ਆਇਆ ਸੀ ਤੇ ਉਸ ਨੇ 25 ਜਨਵਰੀ ਵਾਪਸ ਜਾਣਾ ਸੀ। ਜੋਤੀ ਮੁਤਾਬਕ ਦੇ ਪਰਿਵਾਰ ਨੇ ਉਸ ਨੂੰ ਇੰਨਾ ਪ੍ਰੇਸ਼ਾਨ ਕੀਤਾ ਗਿਆ ਕਿ ਉਹ 24 ਦਸੰਬਰ ਨੂੰ ਹੀ ਟਿਕਟ ਕਰਵਾ ਕੇ ਨਿਊਜ਼ੀਲੈਂਡ ਵਾਪਸ ਚਲਾ ਗਿਆ।
ਲੜਕੀ ਨੇ ਦੱਸਿਆ 21 ਦਸੰਬਰ ਨੂੰ ਉਸ ਦੇ ਅਤੇ ਲੜਕੇ ਦੇ ਪਰਿਵਾਰ ਨੇ ਆਪਸ ਵਿੱਚ ਮਿਲਣਾ ਸੀ ਮੇਰੇ ਪਰਿਵਾਰ ਵਾਲੇ ਮੈਨੂੰ ਘਰੋਂ ਇਹ ਕਹਿ ਕੇ ਲੈ ਗਏ ਕਿ ਉਹ ਉਸ ਨੂੰ ਮਿਲਾਉਣ ਜਾ ਰਹੇ ਨੇ ਪਰ ਰਸਤੇ ਵਿੱਚੋਂ ਹੀ ਮੈਨੂੰ ਹੋਰ ਪਾਸੇ ਲਿਜਾ ਕੇ ਕਿਡਨੈਪ ਕਰ ਲਿਆ। ਲੜਕੀ ਨੇ ਪ੍ਰਸ਼ਾਸਨ 'ਤੇ ਵੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਨੇ 29 ਦਸੰਬਰ ਨੂੰ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਉਸ ਦੇ ਮਾਪੇ ਉਸ ਨੂੰ ਤੇ ਲੜਕੇ ਦੇ ਪਰਿਵਾਰ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ।
ਲੜਕੀ ਨੇ ਕਿਹਾ ਕਿ ਹੁਣ ਮੈਂ ਬਿਲਕੁਲ ਇਕੱਲੀ ਰਹਿ ਗਈ ਹਾਂ ਮੇਰੇ ਪਿਤਾ ਵੱਲੋਂ ਲੜਕੇ ਦੇ ਪਰਿਵਾਰ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਤੇ ਉਹ ਵੀ ਪਿਛਾਂਹ ਹਟ ਰਹੇ ਹਨ। ਜੋਤੀ ਨੇ ਕਿਹਾ ਕਿ ਉਸ ਦੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਉਸ ਦੇ ਘਰਦਿਆਂ ਨੇ ਸਾੜ ਦਿੱਤੇ ਹਨ। ਉਸ ਨੇ ਕਿਹਾ ਕਿ ਜੇਕਰ ਹੁਣ ਵੀ ਸੁਣਵਾਈ ਨਹੀਂ ਹੁੰਦੀ ਤਾਂ ਆਤਮ ਹੱਤਿਆ ਕਰ ਲਵੇਗੀ।
ਮਹਿਲਾ ਥਾਣਾ ਮੁਖੀ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਪਿਤਾ ਦੇ ਬਿਆਨ ਦਰਜ ਕੀਤੇ ਸਨ ਤੇ ਉਨ੍ਹਾਂ ਮੰਨਿਆ ਸੀ ਕਿ ਉਹ ਲੜਕੀ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਲੜਕੀ ਦੇ ਬਿਆਨ ਦੁਬਾਰਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਸਬੰਧੀ ਜਦੋਂ ਲੜਕੀ ਦੇ ਪਿਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਅੱਜ ਬਾਹਰ ਹਨ ਫਿਰ ਗੱਲ ਕਰਨਗੇ।