ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੂੰ ਲੈ ਕੇ ਫਿਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਰਾਣਾ ਦੇ ਪੁੱਤਰ ਨੂੰ ਈ.ਡੀ ਵੱਲੋਂ ਮਨੀ ਲਾਂਡਰਿੰਗ ਅਤੇ ਫੇਮਾ ਦੀ ਉਲੰਘਣਾ ਕੀਤੇ ਜਾਣ ਦਾ ਨੋਟਿਸ ਭੇਜਿਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਚੁੱਪ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਰਾਣਾ ਨੂੰ ਤੁਰੰਤ ਕੈਬਿਨਟ ਵਿੱਚੋਂ ਬਰਖਾਸਤ ਕੀਤਾ ਜਾਵੇ ਅਤੇ ਦਾਗੀ ਮੰਤਰੀ ਦੇ ਗੈਰਕਾਨੂੰਨੀ ਕੰਮਾਂ ਦੀ ਜਾਂਚ ਵਾਸਤੇ ਤਾਜ਼ਾ ਸੀ.ਬੀ.ਆਈ ਇਨਕੁਆਰੀ ਕਰਵਾਈ ਜਾਵੇ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਉਸੇ ਵੇਲੇ ਕੈਬਿਨਟ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਸੀ ਜਦ ਬਹੁਚਰਚਿਤ ਰੇਤ ਘੋਟਾਲੇ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਬਦਕਿਸਮਤੀ ਨਾਲ ਮੁੱਖ ਮੰਤਰੀ ਨੇ ਆਪਣੇ ਮੰਤਰੀ ਖਿਲਾਫ ਲੱਗੇ ਸਨਸਨੀਖੇਜ਼ ਭ੍ਰਿਸ਼ਟਾਚਾਰ ਇਲਜਾਮਾਂ ਉੱਪਰ ਅੱਖਾਂ ਬੰਦ ਕੀਤੀਆਂ ਹੋਈਆਂ ਹਨ ।
ਖਹਿਰਾ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਮੰਤਰੀ ਰਾਣਾ ਗੁਰਜੀਤ ਖਿਲਾਫ ਅੰਤਰਰਾਸ਼ਟਰੀ ਹਵਾਲੇ ਦੇ ਗੰਭੀਰ ਇਲਜ਼ਾਮ ਲੱਗੇ ਹੋਣ। ਇਸ ਤੋਂ ਪਹਿਲਾਂ ਰੇਤ ਖੁਦਾਈ ਘੋਟਾਲੇ ਵਿੱਚ ਸ਼ਮੂਲੀਅਤ ਤੋਂ ਇਲਾਵਾ ਉਸ ਨੇ ਇੱਕ ਐਕਸ ਸਰਵਿਸਮੈਨ ਦੇ ਜਲੰਧਰ ਵਿਚਲੇ ਘਰ ਉੱਪਰ ਜਬਰਦਸਤੀ ਕਬਜ਼ਾ ਕੀਤਾ ਸੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਅਤੇ ਉਸ ਦੇ ਪਰਿਵਾਰ ਦਆਿਂ ਇਹਨਾਂ ਸਾਰੀਆਂ ਗੈਰਕਾਨੂੰਨੀ ਗਤੀਵਿਧੀਆਂ ਤੋਂ ਸਿਰਫ ਇਹ ਹੀ ਸਾਬਿਤ ਹੁੰਦਾ ਹੈ ਕਿ ਕੁਰਸੀ ਦੀ ਦੁਰਵਰਤੋਂ ਕਰਕੇ ਉਹ ਆਪਣੇ ਵਪਾਰ ਨੂੰ ਪੰਜਾਬ ਅਤੇ ਦੁਨੀਆ ਦੇ ਹੋਰ ਕੋਨਿਆਂ ਵਿੱਚ ਪਸਾਰਨਾ ਚਾਹੁੰਦਾ ਹੈ।