ਹੁਸ਼ਿਆਰਪੁਰ- ਟਾਂਡਾ ਦੇ ਪਿੰਡ ਨੰਗਲ ਖੁੰਗੇ ਦੀ ਇੱਕ ਕੁੜੀ ਨੇ ਛੇੜਛਾੜ ਤੋਂ ਤੰਗ ਆ ਕੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਦੋਸ਼ੀ ਰਸਤੇ ਵਿੱਚ ਆਉਂਦੇ-ਜਾਂਦੇ ਲੜਕੀ ਨੂੰ ਪ੍ਰੇਸ਼ਾਨ ਕਰਦਾ ਸੀ। ਟਾਂਡਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ‘ਤੇ ਉਸ ਦੇ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਹੈ।


ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਬੇਟੀ ਗੁਰਪ੍ਰੀਤ ਕੌਰ (22) ਟਾਂਡਾ ਦੀ ਇੱਕ ਦੁਕਾਨ ‘ਤੇ ਕੰਮ ਕਰਦੀ ਸੀ। ਨੇੜੇ ਹੀ ਪਿੰਡ ਬੁੱਢੀ ਪਿੰਡ ਦਾ ਜਸਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਉਸ ਦੀ ਬੇਟੀ ਨੂੰ ਆਏ ਦਿਨ ਪ੍ਰੇਸ਼ਾਨ ਕਰਦਾ ਸੀ। ਗੁਰਪ੍ਰੀਤ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ।

ਇਸ ਦੇ ਬਾਅਦ ਸਤਨਾਮ ਸਿੰਘ ਨੇ ਜਸਵੀਰ ਸਿੰਘ ਨੂੰ ਸਮਝਾਇਆ ਤਾਂ ਉਸ ਸਮੇਂ ਜਸਵੀਰ ਨੇ ਮੁਆਫੀ ਮੰਗ ਲਈ, ਪਰ ਕੁਝ ਦਿਨ ਬਾਅਦ ਫਿਰ ਉਹ ਗੁਰਪ੍ਰੀਤ ਨੂੰ ਤੰਗ ਕਰਨ ਲੱਗਾ। ਜਸਵੀਰ ਦੀਆਂ ਹਰਕਤਾਂ ਬਾਰੇ ਗੁਰਪ੍ਰੀਤ ਨੇ ਫਿਰ ਘਰ ਦੱਸਿਆ ਤਾਂ ਪਿਤਾ ਨੇ ਕਿਹਾ ਕਿ ਕੰਮ ਛੱਡ ਦੇ।

ਸੋਮਵਾਰ ਨੂੰ ਗੁਰਪ੍ਰੀਤ ਦੁਕਾਨ ਤੋਂ ਹਿਸਾਬ-ਕਿਤਾਬ ਕਰਾਉਣ ਗਈ ਤਾਂ ਸ਼ਾਮ ਨੂੰ ਜਸਵੀਰ ਫਿਰ ਉਸ ਨੂੰ ਰਸਤੇ ਵਿੱਚ ਰੋਕ ਕੇ ਪ੍ਰੇਸ਼ਾਨ ਕਰਨ ਲੱਗਾ। ਇਸ ਤੋਂ ਦੁਖੀ ਹੋ ਕੇ ਗੁਰਪ੍ਰੀਤ ਨੇ ਘਰ ਆ ਕੇ ਜ਼ਹਿਰ ਖਾ ਲਿਆ। ਤਬੀਅਤ ਖਰਾਬ ਹੋਣ ‘ਤੇ ਘਰ ਦੇ ਉਸ ਨੂੰ ਸਿਵਲ ਹਸਪਤਾਲ ਟਾਂਡਾ ਲੈ ਕੇ ਗਏ। ਗੰਭੀਰ ਹਾਲਤ ਵਿੱਚ ਡਾਕਟਰਾਂ ਨੇ ਉਸ ਨੂੰ ਹੁਸ਼ਿਆਰਪੁਰ ਰੈਫਰ ਕੀਤਾ, ਜਿੱਥੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ।