Patiala News: ਪਟਿਆਲਾ ਵਾਸੀਆਂ ਲਈ ਖੁਸ਼ਖਬਰੀ ਹੈ। ਸਰਹਿੰਦ ਰੋਡ ’ਤੇ ਸਥਿਤ ਪਿੰਡ ਹਸਨਪੁਰ ਦੇ ਨੇੜਿਉਂ ਸ਼ੁਰੂ ਹੋ ਕੇ ਪਟਿਆਲਾ ਸ਼ਹਿਰ ਵਿੱਚੋਂ ਦੀ ਲੰਘਦੀ 15 ਕਿਲੋਮੀਟਰ ਲੰਬੀ ਜੈਕਬ ਡਰੇਨ ਦੇ ਸ਼ਹਿਰੀ ਖੇਤਰ ਵਿਚਲੇ ਪੰਜ ਕਿਲੋਮੀਟਰ ਖੇਤਰ ਵਿੱਚ ਪਾਈਪਾਂ ਪਾ ਕੇ ਉਪਰੋਂ ਮਿੱਟੀ ਨਾਲ ਕਵਰ ਕੀਤਾ ਜਾ ਰਿਹਾ ਹੈ। ਸੈਰਗਾਹ ਵਿਕਸਤ ਕਰਨ ਲਈ ਡਰੇਨੇਜ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ’ਤੇ 28 ਕਰੋੜ ਰੁਪਏ ਖਰਚ ਆਉਣਗੇ। 


ਦੱਸ ਦਈਏ ਕਿ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੇ ਪਟਿਆਲਾ ਸ਼ਹਿਰੀ ਦੇ ਇਲਾਕਿਆਂ ਵਿਚੋਂ ਦੀ ਲੰਘਦੀ ਹੈ, 52,156 ਫੁੱਟ ਲੰਬੀ ਇਹ ਜੈਕਬ ਡਰੇਨ ਸ਼ਹਿਰ ਤੋਂ ਬਾਹਰ ਦੱਖਣੀ ਪਾਸੇ ਸਥਿਤ ਪਿੰਡ ਮੈਣ ਕੋਲ ਬੁਰਜੀ ਨੰਬਰ 27900 ਕੋਲੋਂ ਨਿਕਲਦੀ ਹੈ। ਇਸ ਡਰੇਨ ਦੇ ਸ਼ਹਿਰੀ ਖੇਤਰ ਵਿਚਲੇ ਪੰਜ ਕਿਲੋਮੀਟਰ ਇਸ ਡਰੇਨ ਦੇ ਦੋਵੇਂ ਪਾਸੇ ਕਈ ਕਲੋਨੀਆਂ ਸਥਾਪਤ ਹੋ ਚੁੱਕੀਆਂ ਹਨ ਜਿਨ੍ਹਾਂ ’ਚ ਰਣਜੀਤ ਨਗਰ, ਵਿਕਾਸ ਨਗਰ, ਦੀਪ ਨਗਰ, ਆਨੰਦ ਨਗਰ, ਪ੍ਰੇਮ ਨਗਰ, ਅਬਲੋਵਾਲ, ਆਦਰਸ਼ ਕਲੋਨੀ, ਸਰਾਭਾ ਨਗਰ, ਬਾਬੂ ਸਿੰਘ ਕਲੋਨੀ, ਭਾਰਤ ਨਗਰ, ਢਿਲੋ ਇਨਕਲੇਵ, ਮਜੀਠੀਆ ਐਨਕਲੇਵ, ਸੈਂਚਰੀ ਇਨਕਲੇਵ, ਧਾਮੋਮਾਜਰਾ ਤੇ ਮੱਲੋਮਾਜਰਾ ਆਦਿ ਸ਼ਾਮਲ ਹਨ। 



ਇਨ੍ਹਾਂ ਕਲੋਨੀਆਂ ਵਿੱਚ ਸੰਘਣੀ ਅਬਾਦੀ ਹੋ ਚੁੱਕੀ ਹੈ ਤੇ ਕਲੋਨੀਆਂ ਦਾ ਬਰਸਾਤੀ ਪਾਣੀ ਇਸ ਡਰੇਨ ’ਚ ਹੀ ਡਿੱਗਦਾ ਹੈ ਪਰ ਖੁੱਲ੍ਹੀ ਹੋਣ ਕਾਰਨ ਬਹੁਤੇ ਲੋਕ ਇਸ ਵਿੱਚ ਕੂੜਾ, ਡੰਗਰਾਂ ਦਾ ਗੋਬਰ ਤੇ ਹੋਰ ਬੇਲੋੜਾ ਮਟੀਰੀਅਲ ਆਦਿ ਸੁੱਟ ਦਿੰਦੇ ਹਨ। ਇਸ ਨਾਲ ਬਰਸਾਤੀ ਸੀਜਨ ਦੌਰਾਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਆਉਣ ਸਣੇ ਵਾਤਾਵਰਨ ਵਿੱਚ ਬਦਬੂ ਵੀ ਫੈਲਦੀ ਹੈ। ਇਸ ਕਾਰਨ ਪੈਦਾ ਹੁੰਦੇ ਮੱਖੀ ਮੱਛਰ ਨਾਲ ਚਿਕਨਗੁਨੀਆ, ਡੇਂਗੂ ਤੇ ਵਾਇਰਲ ਆਦਿ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਇਸ ਡਰੇਨ ਨੂੰ ਢਕਣ ਦੀ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ।


ਇਸ ਦੇ ਚੱਲਦਿਆਂ ਹੀ ਮਾਡਲ ਟਾਊਨ ਡਰੇਨ ਦੀ ਬਾਬੂ ਸਿੰਘ ਕਲੋਨੀ ਕੋਲ ਸਥਿਤ ਬੁਰਜੀ 35500 ਤੋਂ 52156 (ਸੋਰਸ) ਤੱਕ ਸ਼ਹਿਰੀ ਇਲਾਕਾ ਹੋਣ ਕਾਰਨ ਇਸ ਨੂੰ ਕਵਰ ਕਰਨ ਦੀ ਸਕੀਮ ਤਿਆਰ ਕੀਤੀ ਗਈ ਹੈ। ਡਰੇਨ ਦੀ ਬੁਰਜੀ 35500 ਤੋਂ 44200 ਤੱਕ 1600 ਐਮਐਮ 2 ਨੰਬਰ ਪਾਈਪ ਪੈਰਲਰ ਐਨਪੀ-3 ਆਰ.ਸੀ.ਸੀ ਪਾਈਪ ਅਤੇ ਬੁਰਜੀ 44200 ਤੋਂ 52156 ਤੱਕ 1200 ਐਮਐਮ ਐਨਪੀ-3 ਆਰਸੀਸੀ ਪਾਈਪ ਪਾਉਣ ਦੀ ਤਜਵੀਜ਼ ਹੈ। ਜਿਸ ਦੇ ਮੱਦੇਨਜ਼ਰ ਮਾਡਲ ਟਾਊਨ ਡਰੇਨ ਦੀ ਬੁਰਜੀ 52156 ਤੋਂ 35500 ਤੱਕ ਪਾਈਪ ਲਾਈਨ ਪਾਉਣ ਉਪਰੰਤ ਡਰੇਨ ਨੂੰ ਮਿੱਟੀ ਨਾਲ ਭਰ ਦਿੱਤਾ ਜਾਵੇਗਾ ਤੇ ਉਪਰ ਸੈਰਗਾਹ ਤੇ ਪਾਰਕ ਬਣਾਏ ਜਾਣਗੇ।


ਪਾਈਪਲਾਈਨ ਦੇ ਵਿਚਕਾਰ 150-150 ਫੁੱਟ ਦੀ ਦੂਰੀ ’ਤੇ ਸਫਾਈ ਕਰਨ ਲਈ ਮੈਨਹੋਲ ਵੀ ਰੱਖੇ ਜਾਣਗੇ। ਇਸ ਤਰ੍ਹਾਂ ਇਹ ਕਾਰਜ ਆਰੰਭ ਦਿੱਤਾ ਗਿਆ ਹੈ। ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਜ 31 ਮਾਰਚ ਤੱਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਡਰੇਨ ਦੇ ਕਵਰ ਹੋਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।