Machhiwara News: ਮਾਛੀਵਾੜਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪੰਜਾਬ ਸਰਕਾਰ ਦੇ ਸਿਹਤ ਨੂੰ ਲੈ ਕੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਇੱਕ ਗਰੀਬ ਪਰਿਵਾਰ ਦੀ ਗਰਭਵਤੀ ਔਰਤ ਨੂੰ ਜਦੋਂ ਉਸਦੇ ਪਤੀ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਜਣੇਪੇ ਦੇ ਲਈ ਲਿਆਂਦਾ ਗਿਆ ਤਾਂ ਉਸ ਉੱਥੋਂ ਜਵਾਬ ਮਿਲ ਗਿਆ। ਫਿਰ ਉਹ ਆਪਣੀ ਪਤਨੀ ਨੂੰ ਮਜ਼ਬੂਰੀ ਦੇ ਵਿੱਚ ਪ੍ਰਾਈਵੇਟ ਹਸਪਤਾਲ ਚ ਲੈ ਕੇ ਗਿਆ। ਜਿੱਥੇ ਇਲਾਜ ਦੇ ਲਈ ਫਿਰ ਉਸ ਨੂੰ ਭੀਖ ਮੰਗਣੀ ਪਈ।
ਮਾਛੀਵਾੜਾ ਵਿਖੇ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਸਦੀ ਪਤਨੀ ਪਾਇਲ (20) ਵਾਸੀ ਬਲੀਬੇਗ, ਗਰਭਵਤੀ ਸੀ ਜਿਸਦੇ ਜਦੋਂ ਜਣੇਪੇ ਦੀਆਂ ਦਰਦਾਂ ਛਿੜੀਆਂ ਤਾਂ ਉਸ ਨੂੰ ਇਲਾਜ ਲਈ ਮਾਛੀਵਾੜਾ ਸਰਕਾਰੀ ਹਸਪਤਾਲ ਲੈ ਗਿਆ। ਉੱਥੇ ਮੌਜੂਦ ਨਰਸਾਂ ਵਲੋਂ ਉਸਦੀ ਪਤਨੀ ਨੂੰ ਦਾਖਲ ਕਰ ਲਿਆ ਗਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸਦੀ ਪਤਨੀ ਦੀਆਂ ਦਰਦਾਂ ਜ਼ਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ’ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿਚ ਕੋਈ ਡਾਕਟਰ ਨਹੀਂ ਹੈ, ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ।
ਅਭਿਸ਼ੇਕ ਨੇ ਦੱਸਿਆ ਕਿ ਉਸਨੇ ਬਹੁਤ ਮੁਸ਼ਕਿਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਲੈ ਕੇ ਗਿਆ। ਜਿੱਥੇ ਉਸਦਾ ਡਾਕਟਰਾਂ ਨੇ ਇਲਾਜ ਕੀਤਾ ਅਤੇ 15 ਹਜ਼ਾਰ ਰੁਪਏ ਖਰਚਾ ਦੱਸਿਆ। ਅਭਿਸ਼ੇਕ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਹੈ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਕੋਲ 15 ਹਜ਼ਾਰ ਰੁਪਏ ਮੌਜੂਦ ਨਹੀਂ ਸਨ। ਇਲਾਜ ਦੇ 15 ਹਜ਼ਾਰ ਰੁਪਏ ਇਕੱਠੇ ਕਰਨ ਲਈ ਉਹ ਬਜ਼ਾਰਾਂ ’ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਉਸਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਪੈਸੇ ਇਕੱਠੇ ਕੀਤੇ। ਸਰਕਾਰੀ ਹਸਪਤਾਲਾਂ 'ਚ ਗਰੀਬਾਂ ਦਾ ਇਲਾਜ ਨਾ ਹੋਣ ਕਾਰਨ ਅੱਜ ਇਸ ਗਰੀਬ ਵਿਅਕਤੀ ਨੂੰ ਆਪਣੀ ਪਤਨੀ ਦੇ ਇਲਾਜ ਲਈ ਭੀਖ ਮੰਗਣ ਲਈ ਮਜ਼ਬੂਰ ਹੋਣਾ ਪਿਆ ਜੋ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਜੇਕਰ ਇਸ ਗਰੀਬ ਗਰਭਵਤੀ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਹੋ ਜਾਂਦਾ ਤਾਂ ਅੱਜ ਉਸ ਨੂੰ ਭੀਖ ਨਾ ਮੰਗਣੀ ਪੈਂਦੀ।
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਪਾਇਲ ਨਾਮਕ ਗਰਭਵਤੀ ਔਰਤ ਹਸਪਤਾਲ ਵਿਚ ਇਲਾਜ ਲਈ ਦਾਖਲ ਹੋਈ ਸੀ ਅਤੇ ਰਿਕਾਰਡ ਮੁਤਾਬਿਕ ਉਸਦਾ ਬਲੱਡ ਪ੍ਰੈਸ਼ਰ ਹਾਈ ਸੀ। ਉਨ੍ਹਾਂ ਕਿਹਾ ਕਿ ਮਾਛੀਵਾੜਾ ਹਸਪਤਾਲ ਵਿਚ ਮੌਜੂਦ ਗਾਇਨੀ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ। ਜਿਸ ਕਾਰਨ ਪਿਛਲੇ 5-6 ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਿਲਿਵਰੀ ਦਾ ਨਾਰਮਲ ਕੇਸ ਹੋਵੇ ਤਾਂ ਨਰਸਾਂ ਉਸ ਨੂੰ ਹੱਲ ਕਰ ਲੈਂਦੀਆਂ ਹਨ ਪਰ ਜੇਕਰ ਮਰੀਜ਼ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਲੁਧਿਆਣਾ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਐੱਸ.ਐੱਮ.ਓ. ਨੇ ਕਿਹਾ ਕਿ ਇੱਥੇ ਗਾਇਨੀ ਡਾਕਟਰ ਤਾਇਨਾਤ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।