ਚੰਡੀਗੜ੍ਹ: ਲੋਕਾਂ ਦੇ ਕਰੋੜਾਂ ਰੁਪਏ ਹੜੱਪ ਕੇ ਜੇਲ੍ਹ ਗਏ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਗੋਲੀਕਾਂਡ ਦੇ ਮੁਲਜ਼ਮ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਨਿਯਮ ਛਿੱਕੇ ਟੰਗ ਕੇ ਜੇਲ੍ਹ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਕੈਪਟਨ ਸਰਕਾਰ ਘਿਰ ਗਈ ਹੈ। ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਪੈਸੇ ਵਾਲੇ ਤੇ ਪਾਵਰਫੁੱਲ ਲੋਕਾਂ ਦੀਆਂ ਜੇਲ੍ਹਾਂ ਵਿੱਚ ਵੀ ਐਸ਼ਾਂ ਹਨ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਲੋਕਾਂ 'ਤੇ ਤਸ਼ੱਦਦ ਢਾਹੁਣ ਵਾਲਿਆਂ 'ਤੇ ਲੋਕਾਂ ਦਾ ਪੈਸਾ ਖ਼ਰਚ ਕਰਕੇ ਸਰਕਾਰ ਭੱਦਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਸੂਬੇ ਦੀ ਕਾਨੂੰਨ ਤੇ ਨਿਆਂ ਵਿਵਸਥਾ ਦਾ ਜਨਾਜ਼ਾ ਕੱਢ ਰਹੀ ਹੈ।
ਮਾਨ ਨੇ ਕਿਹਾ ਕਿ ਨਿਰਮਲ ਸਿੰਘ ਭੰਗੂ ਦੀ ਕੰਪਨੀ ਪਰਲ ਨੇ ਸਮੁੱਚੇ ਪੰਜਾਬ ਤੇ ਖ਼ਾਸ ਤੌਰ 'ਤੇ ਮਾਲਵਾ ਖੇਤਰ ਵਿੱਚ ਲੋਕਾਂ ਕੋਲੋਂ ਕਰੋੜਾਂ ਰੁਪਏ ਹੜੱਪੇ ਹਨ। ਸਰਕਾਰ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਥਾਂ ਉਨ੍ਹਾਂ ਦੀ ਖ਼ਾਤਰਦਾਰੀ ਕਰਨ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਰਲ ਕੰਪਨੀ ਤੇ ਭੰਗੂ ਨਾਲ ਸਬੰਧਤ ਜਾਇਦਾਦਾਂ ਦੀ ਨਿਲਾਮੀ ਕਰੇ ਤੇ ਪੀੜਤ ਪਰਿਵਾਰਾਂ ਨੂੰ ਵਿਆਜ ਸਮੇਤ ਪੈਸਾ ਵਾਪਸ ਕਰੇ।
ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਸਰਕਾਰ ਖ਼ੁਦ ਕਾਨੂੰਨ ਦੀ ਉਲੰਘਣਾ ਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲੋਕਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਉਮਰਾਨੰਗਲ ਨੂੰ ਜੇਲ੍ਹ ਵਿੱਚ ਨਿੱਜੀ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਮਿਲਣ ਵਾਲਿਆਂ ਦੇ ਨਾਮ ਦਰਜ ਕੀਤੇ ਬਿਨ ਹੀ ਮੁਲਾਕਾਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਭ੍ਰਿਸ਼ਟਾਚਾਰੀਆਂ ਤੇ ਅਪਰਾਧੀਆਂ ਦੇ ਹੌਸਲੇ ਵਧਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਦਾ ਬੇਰੋਕ ਟੋਕ ਉਮਰਾਨੰਗਲ ਨੂੰ ਜੇਲ੍ਹ ਵਿੱਚ ਮਿਲਣਾ ਕਾਂਗਰਸ ਤੇ ਅਕਾਲੀ ਦਲ ਦੀ ਮਿਲੀਭੁਗਤ ਬਿਆਨ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਹਿਬਲ ਕਲਾਂ ਗੋਲੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰੇ ਤਾਂ ਜੋ ਸੰਗਤਾਂ ਨੂੰ ਇਨਸਾਫ਼ ਦਿੱਤਾ ਜਾ ਸਕੇ।