ਗੁਰਦਾਸਪੁਰ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਹੁਣ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੋਵੇਗਾ ਇਹਨਾਂ ਤੰਤੀ ਸਾਜਾਂ ਨੂੰ ਸਿੱਖਣ ਲਈ ਸਮਾਂ ਵੀ ਦਿੱਤਾ ਗਿਆ ਹੈ ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਦੇ ਰਹਿਣ ਵਾਲੇ ਦੋ ਗੁਰਸਿੱਖ ਭਰਾ ਜੋ ਇਹਨਾਂ ਤੰਤੀ ਸਾਜਾਂ ਨੂੰ ਬਣਾਉਂਦੇ ਹਨ ਅਤੇ 250 ਦੇ ਕਰੀਬ ਬੱਚਿਆਂ ਨੂੰ ਇਹਨਾਂ ਸਾਜਾਂ ਦੀ ਸਿਖਲਾਈ ਵੀ ਦੇ ਰਹੇ ਹਨ ।
ਭਾਈ ਰਣਜੋਧ ਸਿੰਘ ਪੰਜਾਬ ਦੇ ਪਹਿਲੇ ਅਜਿਹੇ ਨੌਜਵਾਨ ਹਨ ਜਿਹਨਾਂ ਨੇ ਸਰੰਦੇ ਸਾਜ਼ ਵਿਚ ਐਮ ਏ ਕੀਤੀ ਹੈ ਅਤੇ ਇਸ ਰੂਹਾਨੀ ਕਲਾ ਨੂੰ ਦੂਰ ਦੂਰ ਤੱਕ ਪਹੁੰਚਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੋਧ ਸਿੰਘ ਨੇ ਦੱਸਿਆ ਕਿ ਉਹ ਬੱਚਪਨ ਤੋਂ ਹੀ ਸ਼ਬਦ ਸੁਣਦੇ ਸਨ ਤਾਂ ਉਹਨਾਂ ਦੇ ਮਨ ਵਿੱਚ ਵੀ ਇਹਨਾਂ ਸਾਜ਼ਾਂ ਨੂੰ ਸਿੱਖਣ ਦੀ ਚਾਹ ਸੀ ਜਿਸ ਕਰਕੇ ਉਹਨਾਂ ਨੇ ਸਾਜ ਵਜਾਉਣ ਦੀ ਕਲਾ ਸਿੱਖੀ ਅਤੇ ਫਿਰ ਘਰ ਵਿੱਚ ਹੀ ਇਹਨਾਂ ਸਾਜਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਵਿਚ ਉਹਨਾਂ ਦੇ ਭਰਾ ਲਵਜੀਤ ਵੀ ਉਹਨਾਂ ਦਾ ਸਾਥ ਦਿੰਦੇ ਹਨ।
ਉਹਨਾਂ ਦੱਸਿਆ ਕਿ ਉਹ ਹੁਣ ਤਕ ਕਈ ਤੰਤੀ ਸਾਜ ਬਣਾ ਚੁੱਕੇ ਹਨ ਅਤੇ ਉਹਨਾਂ ਦੇ ਬਣਾਏ ਸਾਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਏ ਹਨ ਉਹਨਾਂ ਕਿਹਾ ਕਿ ਜਿਹੜਾ ਬੱਚਾ ਕੰਠ ਕੀਤੇ 10 ਸ਼ਬਦ ਉਹਨਾਂ ਸੁਣਾਉਂਦਾ ਹੈ ਉਹਨਾਂ ਨੂੰ ਉਹ ਇਕ ਸਾਜ਼ ਬਿਨਾਂ ਕਿਸੇ ਭੇਟਾਂ ਤੋਂ ਦਿੰਦੇ ਹਨ ਅਤੇ ਉਹ ਹੁਣ 250 ਦੇ ਕਰੀਬ ਬੱਚਿਆਂ ਨੂੰ ਇਹਨਾ ਸਾਜਾਂ ਦੀ ਸਿਖਲਾਈ ਦੇ ਰਹੇ ਹਨ ਅਤੇ ਉਹ ਪੰਜਾਬ ਦੇ ਪਹਿਲੇ ਨੌਜਵਾਨ ਹਨ ਜਿਹਨਾਂ ਨੇ ਸਰੰਦੇ ਸਾਜ ਵਿਚ ਐਮ ਏ ਕੀਤੀ ਹੋਈ ਹੈ ।
ਇਸ ਮੌਕੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰਮੋਨੀਅਮ ਨੂੰ ਬੰਦ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਤੰਤੀ ਸਾਜਾਂ ਦੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਮਿਲੇਗੀ ਅਤੇ ਸਾਡੀ ਵਿਰਾਸਤ ਸਾਂਭੀ ਰਹੇਗੀ ਰਣਜੋਧ ਸਿੰਘ ਨੇ ਦੱਸਿਆ ਕਿ ਰਬਾਬ ਰੂਹਾਨੀ ਅਤੇ ਵਿਰਾਸਤੀ ਸਾਜ ਹੈ ਜੋ ਭਾਈ ਮਰਦਾਨਾ ਵੱਲੋਂ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਰਬਾਬ ਦੇ ਸੁਰਾਂ ਤੇ ਕੀਰਤਨ ਕਰਦੇ ਸਨ। ਉਨ੍ਹਾਂ ਕਿਹਾ ਕਿ ਰਬਾਬ ਸੰਗੀਤ ਦੀ ਸੂਖਮਤਾ ਨੂੰ ਵੀ ਸਮਝਦਾ ਹੈ । ਨਾਦ ਸੰਗੀਤ ਦੀ ਸਭ ਤੋਂ ਸੂਖਮ ਤਰੰਗ ਹੈ ਜਿਸਨੂੰ ਰਬਾਬ ਤੇ ਨਹੁੰਆਂ ਅਤੇ ਉਂਗਲੀਆਂ ਨਾਲ ਵਜਾਇਆ ਜਾ ਸਕਦਾ ਹੈ।
ਅਕਾਲ ਤਖ਼ਤ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਸੰਗੀਤ ਦੇ ਵਿਰਾਸਤੀ ਸਾਜ ਹਨ ਜਿਨਾਂ ਦਾ ਪਿਛੋਕੜ ਵੀ ਰੂਹਾਨੀਅਤ ਨਾਲ ਜੁੜਿਆ ਹੈ ਇਸ ਲਈ ਅਜਿਹੇ ਸਾਜ਼ਾਂ ਦੀ ਵਰਤੋਂ ਕਰ ਕੇ ਕੀਰਤਨ ਕਰਨ ਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ, ਅਜੇ ਵੀ ਬਹੁਤ ਸਾਰੇ ਪਰਵਾਰਿਕ ਸਾਂਝ ਪ੍ਰਚਲਤ ਹਨ ਜੋ ਅਲੋਪ ਹੋਣ ਦੇ ਕਗਾਰ ਤੇ ਪਹੁੰਚ ਚੁੱਕੇ ਹਨ। ਅਕਾਲ ਤਖਤ ਦੇ ਹੁਕਮਾਂ ਨਾਲ ਇਹਨਾਂ ਦੇ ਦੋਬਾਰਾ ਜ਼ਿੰਦਾ ਹੋਣ ਦੀ ਆਸ ਬੱਝ ਗਈ ਹੈ।