ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿੱਚ ਮਾਹੌਲ ਉਸ ਸਮੇਂ ਤਣਾਵਪੂਰਨ ਬਣ ਗਿਆ ,ਜਦੋਂ ਪਿੰਡ ਵਿਚ ਚੱਲ ਰਹੇ ਲੰਗਰ ਦੌਰਾਨ ਇਕ ਨੌਜਵਾਨ ਨੇ ਧਾਰਮਿਕ ਫੋਟੋਆਂ ਅੱਗੇ  ਜੁੱਤੀ ਰੱਖ ਦਿੱਤੀ। ਜਿਸ ਤੋਂ ਬਾਅਦ ਲੋਕਾਂ ਨੇ ਮੌਕੇ ਉੱਤੇ ਹੀ ਉਸ ਨੌਜਵਾਨ ਨੂੰ ਫੜ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਭੀੜ ਤੋਂ ਬਚਾਇਆ ਅਤੇ ਆਪਣੀ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਗੁਸੇ ਵਿੱਚ ਆਏ ਲੋਕਾਂ ਨੇ ਧਰਨਾ ਦੇਣਾ ਸ਼ੁਰੂ ਕਰ ਦਿਤਾ ਅਤੇ ਪੁਲਿਸ ਉਪਰ ਦੋਸ਼ ਲਗਾਏ ਕਿ ਪੁਲਿਸ ਦੋਸ਼ੀ ਦਾ ਸਾਥ ਦੇ ਰਹੀ ਹੈ ਅਤੇ ਇਸਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਇਆ ਜਾ ਰਿਹਾ ਹੈ। 


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਦੋਰਾਂਗਲਾ ਵਿਖੇ ਉਨ੍ਹਾਂ ਨੇ ਰਾਮ ਨੌਮੀ ਦੇ ਸਬੰਧ ਵਿਚ ਲੰਗਰ ਲਗਾਇਆ ਹੋਇਆ ਸੀ ,ਜਿਸ ਦੌਰਾਨ ਇੱਕ 30 ਸਾਲ ਦੇ ਨੋਜਵਾਨ ਕੁਲਜੀਤ ਨਾਮ ਦੇ ਵਿਅਕਤੀ ਨੇ ਧਾਰਮਿਕ ਤਸਵੀਰਾਂ ਅਗੇ ਚੱਪਲਾਂ ਰੱਖ ਕੇ ਬੇਅਦਬੀ ਕੀਤੀ ,ਜਿਸ ਕਾਰਨ ਉਥੇ ਮੌਜੂਦ ਭੀੜ ਨੇ ਉਕਤ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। 

 

ਨੌਜਵਾਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਛੁਡਵਾਇਆ ਹੈ ਅਤੇ ਪੁਲੀਸ ਪ੍ਰਸ਼ਾਸਨ ਨੇ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕੋਈ ਮਸਲਾ ਨਹੀਂ ਹੈ ,ਸਿੱਖ ਜਥੇਬੰਦੀਆਂ ਵੀ ਉਨ੍ਹਾਂ ਦੇ ਨਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਦੀ ਟੀਮ ਮੌਕੇ 'ਤੇ ਇਕ ਘੰਟਾ ਦੇਰੀ ਨਾਲ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਥਾਣਾ ਦੋਰਾਂਗਲਾ ਦੇ ਐਸਐਚਓ ਸਮੇਤ ਪੁਲੀਸ ਟੀਮ ਨੂੰ ਸਸਪੈਂਡ ਕੀਤਾ ਫਿਰ ਹੀ ਇਹ ਧਰਨਾ ਸਮਾਪਤ ਹੋਵੇਗਾ। 

ਇਸ ਸਬੰਧੀ ਮੌਕੇ 'ਤੇ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੋਰਾਂਗਲਾ ਵਿਚ ਕੁਝ ਲੋਕਾਂ ਵੱਲੋਂ ਲੰਗਰ ਲਗਾਇਆ ਗਿਆ ਸੀ। ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਨੇ ਆ ਕੇ ਧਾਰਮਿਕ ਤਸਵੀਰਾਂ ਅੱਗੇ ਆਪਣੀਆਂ ਜੁੱਤੀਆਂ ਰੱਖ ਦਿੱਤੀਆਂ, ਜਿਸ ਨੂੰ ਲੈ ਕੇ ਭੀੜ ਭੜਕ ਗਈ ਅਤੇ ਉਨ੍ਹਾਂ ਵੱਲੋਂ ਨੌਜਵਾਨ ਨੂੰ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਜਾਂ ਨਹੀਂ ਅਤੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।