ਚੰਡੀਗੜ੍ਹ: ਰਾਮ ਰਹੀਮ ਨਾਲ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ 5 ਦਿਨ ਬਿਤਾਉਣ ਵਾਲੇ ਹਵਾਲਾਤੀ ਸਵਦੇਸ਼ ਕਿਰਾਰ ਨੇ ਏ.ਬੀ.ਪੀ.ਨਿਊਜ਼ ਨਾਲ ਗੱਲਬਾਤ ਨੇ ਨਵਾਂ ਖੁਲਾਸ ਕੀਤਾ ਹੈ। ਸਵਦੇਸ਼ ਮੁਤਾਬਿਕ ਸਜ਼ਾ ਸੁਣਨ ਤੋਂ ਬਾਅਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਬੁਰੀ ਤਰ੍ਹਾਂ ਟੁੱਟ ਗਿਆ ਸੀ ਤੇ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਅਦਾਲਤ ਦੇ ਕਮਰੇ ਤੋਂ ਉਸ ਨੂੰ ਦੋ ਵਿਅਕਤੀ ਸਹਾਰਾ ਦੇ ਕੇ ਜੇਲ੍ਹ ਤੱਕ ਲੈ ਕੇ ਆਏ।
ਉਸ ਨੇ ਦੱਸਿਆ ਕਿ ਰਾਮ ਰਹੀਮ ਪਹਿਲੇ ਦਿਨ ਤੋਂ ਹੀ ਹਤਾਸ਼ ਤੇ ਨਿਰਾਸ਼ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਸੈੱਲ 'ਚ ਰਾਮ ਰਹੀਮ ਨੂੰ ਰੱਖਿਆ ਗਿਆ ਬਿਲਕੁਲ ਉਸ ਦੇ ਨਾਲ ਹੀ ਉਨ੍ਹਾਂ ਦਾ ਕਮਰਾ ਸੀ। 25 ਅਗਸਤ ਨੂੰ ਜਿਸ ਦਿਨ ਰਾਮ ਰਹੀਮ ਨੂੰ ਜੇਲ੍ਹ 'ਚ ਲਿਆਂਦਾ ਗਿਆ ਤਾਂ ਉਸ ਦੀ ਗਰਦਨ ਝੁਕੀ ਹੋਈ ਸੀ ਤੇ ਉਹ ਵਾਰ-ਵਾਰ ਹੱਥ ਜੋੜ ਰਿਹਾ ਸੀ ਅਤੇ ਜੇਲ੍ਹ ਦੇ ਮੁਲਾਜ਼ਮਾਂ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਅੰਦਰ ਬੰਦ ਨਾ ਕਰੋ, ਉਸ ਨੂੰ ਡਰ ਲੱਗਦਾ ਹੈ। ਰਾਤ ਨੂੰ ਉਸ ਦੇ ਸੈੱਲ (ਕਮਰੇ) 'ਚੋਂ ਰੋਣ ਤੇ ਗਿੜਗਿੜਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਜ਼ਮੀਨ 'ਤੇ ਬੈਠਾ ਉਹ ਕਹਿ ਰਿਹਾ ਸੀ ਕਿ 'ਹੇ ਰੱਬਾ ਇਹ ਕੀ ਕੀਤਾ ਮੇਰੇ ਨਾਲ'। ਇਸ ਦੌਰਾਨ ਉਸ ਨੇ ਨਾ ਤਾਂ ਪਾਣੀ ਪੀਤਾ ਤੇ ਨਾ ਹੀ ਰੋਟੀ ਖਾਧੀ | ਹਾਲਾਂਕਿ ਬਾਅਦ 'ਚ ਕੰਟੀਨ ਤੋਂ ਬਿਸਲੇਰੀ ਦੀ ਬੋਤਲ ਮੰਗਵਾ ਕੇ ਪਾਣੀ ਪੀਤਾ | ਇਸ ਦੇ ਨਾਲ ਹੀ ਸਵਦੇਸ਼ ਕਿਰਾਰ ਨੇ ਦੱਸਿਆ ਕਿ ਰਾਮ ਰਹੀਮ ਨੂੰ ਜੇਲ੍ਹ 'ਚ ਕੋਈ ਵੀ. ਆਈ. ਪੀ. ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਅਤੇ ਉਸ ਨਾਲ ਆਮ ਕੈਦੀਆਂ ਵਾਲਾ ਵਰਤਾਓ ਹੀ ਕੀਤਾ ਜਾ ਰਿਹਾ ਹੈ।
ਆਮ ਕੈਦੀਆਂ ਦੀ ਤਰ੍ਹਾਂ ਹੀ ਉਸ ਨੂੰ ਦੋ ਕੰਬਲ ਅਤੇ ਇਕ ਚੱਟਾਈ ਦਿੱਤੀ ਗਈ ਤੇ ਜੇਲ੍ਹ ਦੇ ਨਿਯਮਾਂ ਮੁਤਾਬਿਕ ਚਾਹ ਤੇ ਸਾਦਾ ਖਾਣਾ ਦਿੱਤਾ ਜਾ ਰਿਹਾ ਹੈ। ਜੇਲ੍ਹ 'ਚ ਰਾਮ ਰਹੀਮ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਉਸ ਨੂੰ ਅਪਰੂਵਲ ਸੈੱਲ (ਵੱਖਰੇ ਕਮਰੇ) 'ਚ ਰੱਖਿਆ ਗਿਆ ਹੈ। ਇਸ ਦੌਰਾਨ ਰਾਮ ਰਹੀਮ ਵਲੋਂ ਹਨੀਪ੍ਰੀਤ ਨੂੰ ਮਿਲਾਉਣ ਦੀ ਮੰਗ ਕੀਤੀ ਗਈ ਪਰ ਜੇਲ੍ਹ ਪ੍ਰਸ਼ਾਸਨ ਨੇ ਮਨ੍ਹਾ ਕਰ ਦਿੱਤਾ।
ਤਬੀਅਤ ਖਰਾਬ ਹੋਣ ਬਾਰੇ ਕਹਿਣ 'ਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਮੈਡੀਕਲ ਕੀਤਾ ਗਿਆ, ਜਿਸ ਵਿਚ ਉਹ ਪੂਰੀ ਤਰ੍ਹਾਂ ਸਿਹਤਮੰਦ ਪਾਏ ਗਏ | ਸਵਦੇਸ਼ ਕਿਰਾਰ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਹੋਰਨਾਂ ਕੈਦੀਆਂ ਦੇ ਮਨ 'ਚ ਪਹਿਲਾਂ ਤਾਂ ਰਾਮ ਰਹੀਮ ਪ੍ਰਤੀ ਥੋੜ੍ਹੀ ਨਰਮੀ ਸੀ ਪਰ ਜਦੋਂ ਉਨ੍ਹਾਂ ਨੂੰ ਦੋਸ਼ੀ ਐਲਾਨਿਆ ਗਿਆ ਤੇ ਸਜ਼ਾ ਸੁਣਾਈ ਗਈ ਤਾਂ ਕੈਦੀਆਂ 'ਚ ਉਸ ਪ੍ਰਤੀ ਨਫਰਤ ਭਰ ਗਈ ਤੇ ਉਨ੍ਹਾਂ ਨੂੰ ਫਿਟਕਾਰ ਪਾਈ ਗਈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਰਾਮ ਰਹੀਮ ਨੂੰ ਰੋਹਤਕ ਜੇਲ੍ਹ 'ਚ ਲਿਆਉਣ ਕਾਰਨ ਜੇਲ੍ਹ 'ਚ ਬੰਦ 1500 ਦੇ ਕਰੀਬ ਕੈਦੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ 5 ਦਿਨ ਤੱਕ ਹੋਰਨਾਂ ਕੈਦੀਆਂ ਨੂੰ ਵੀ ਕਮਰਿਆਂ ਅੰਦਰ ਡੱਕੀ ਰੱਖਿਆ ਗਿਆ ਤੇ ਕਿਸੇ ਨੂੰ ਵੀ ਬਾਹਰ ਜਾਣ ਦੀ ਇਜ਼ਾਜਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਖੁਦ ਜ਼ਮਾਨਤ ਹੋਣ ਦੇ ਬਾਵਜੂਦ 5 ਦਿਨ ਬਿਨਾਂ ਵਜ੍ਹਾ ਜੇਲ੍ਹ 'ਚ ਰਹਿਣਾ ਪਿਆ। ਉਨ੍ਹਾਂ ਕਿਹਾ ਕਿ ਇਕ ਕੈਦੀ ਲਈ ਸੈਂਕੜੇ ਕੈਦੀਆਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਨਹੀਂ ਕੀਤਾ ਜਾਣਾ ਚਾਹੀਦਾ।