ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸੁਖਪਾਲ ਖਹਿਰਾ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਘੁੱਗੀ ਨੇ ਖਹਿਰਾ ਦੇ ਸਮਰਥਨ ਵਿੱਚ ਵੀਡੀਓ ਜਾਰੀ ਕਰ 2 ਅਗਸਤ ਨੂੰ ਬਠਿੰਡਾ ਪਹੁੰਚਣ ਦੀ ਅਪੀਲ ਕੀਤੀ ਹੈ।

ਗੁਰਪ੍ਰੀਤ ਘੁੱਗੀ ਨੇ ਖਹਿਰਾ ਨੂੰ ਪੰਜਾਬ ਹਿਤੈਸ਼ੀ ਲੀਡਰ ਕਰਾਰ ਦਿੱਤਾ। ਹਾਲਾਂਕਿ, ਘੁੱਗੀ ਨੇ ਸੁਖਪਾਲ ਖਹਿਰਾ ਦੀ ਬਠਿੰਡਾ ਵਿੱਚ ਦੋ ਅਗਸਤ ਨੂੰ ਹੋ ਰਹੀ ਕਨਵੈਨਸ਼ਨ ਵਿੱਚ ਖੁਦ ਪਹੁੰਚਣ ਤੋਂ ਤਾਂ ਇਨਕਾਰ ਕੀਤਾ ਪਰ ਆਪ ਵਰਕਰਾਂ ਤੇ ਆਮ ਲੋਕਾਂ ਨੂੰ ਇਸ ਰੈਲੀ ਵਿੱਚ ਜ਼ਰੂਰ ਪਹੁੰਚਣ ਦਾ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਘਮਸਾਣ ਛਿੜਿਆ ਹੋਇਆ ਹੈ। ਪੰਜਾਬ ਦੇ ਕਈ ਵਿਧਾਇਕ ਸੁਖਪਾਲ ਖਹਿਰਾ ਦਾ ਸਮਰਥਨ ਕਰ ਰਹੇ ਹਨ ਤੇ ਕਈ ਪਾਰਟੀ ਹਾਈਕਮਾਨ ਦੇ ਨਾਲ ਹਨ। ਦੋਵਾਂ ਧਿਰਾਂ ਦੀਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਹਨ।