ਚੰਡੀਗੜ੍ਹ: ਮੋਗਾ ਤੋਂ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਮੁਹਾਲੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਮਾਮਲੇ 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।
ਇਸ ਮਾਮਲੇ 'ਚ ਕੁੱਲ ਛੇ ਲੋਕਾਂ ਦੇ ਨਾਂਅ ਸ਼ਾਮਲ ਸਨ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਬਾਕੀਆਂ ਨੂੰ ਅਦਾਲਤ ਨੇ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕੈਦ ਦੇ ਨਾਲ-ਨਾਲ ਸਜ਼ਾ ਹੋਈ ਹੈ 20-20 ਹਜ਼ਾਰ ਰੁਪਏ ਨਾਲ ਜ਼ੁਰਮਾਨਾ ਵੀ ਕੀਤਾ ਹੈ।
ਦੱਸ ਦਈਏ ਕਿ ਅਦਾਲਤ 'ਚ ਇਹ ਕੇਸ 16 ਸਾਲ ਅਤੇ 3 ਮਹੀਨਿਆਂ ਤਕ ਚੱਲਦਾ ਰਿਹਾ ਹੈ। ਧਰਮਕੋਟ ਦੇ ਤਤਕਾਲੀ ਵਿਧਾਇਕ ਤੋਤਾ ਸਿੰਘ ਨੇ ਸਾਲ 2000 ਤੇ 2001 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 134 ਕਲਰਕਾਂ ਦੀਆਂ ਭਰਤੀਆਂ ਕੀਤੀਆਂ ਸਨ। ਤੋਤਾ ਸਿੰਘ ਉਦੋਂ ਸਿੱਖਿਆ ਮੰਤਰੀ ਸਨ ਤੇ ਉਨ੍ਹਾਂ 'ਤੇ ਭਰਤੀ ਵਿੱਚ ਭ੍ਰਿਸ਼ਟਾਚਾਰ ਕੀਤੇ ਜਾਣ ਦੇ ਇਲਜ਼ਾਮ ਸਨ, ਜਿਸ ਵਿੱਚੋਂ ਹੁਣ ਉਹ ਬਰੀ ਹੋ ਗਏ ਹਨ।