ਚੰਡੀਗੜ੍ਹ: ਬਟਾਲਾ ਦੇ ਮੁਹੱਲਾ ਬੋਲੀ ਇੰਦਰਜੀਤ ਵਿੱਚ ਦੇਰ ਰਾਤ ਇੱਕ ਦਿਮਾਗੀ ਤੌਰ ’ਤੇ ਪਰੇਸ਼ਾਨ ਵਿਅਕਤੀ ਨੇ ਆਪਣੇ ਡੇਢ ਮਹੀਨੇ ਦੇ ਭਤੀਜੇ ਨੂੰ ਘਰ ਦੀ ਦੋ ਮੰਜ਼ਿਲਾ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਪਿੱਛੋਂ ਪਰਿਵਾਰ ਵਾਲੇ ਜ਼ਖ਼ਮੀ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਤਾਏ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਤਾਇਆ ਫਰਾਰ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮਾਸੂਮ ਚਰਨਜੋਤ ਸਿੰਘ ਨੂੰ ਜਨਮ ਲਏ ਹਾਲ਼ੇ ਡੇਢ ਮਹੀਨੇ ਹੀ ਹਏ ਸਨ ਪਰ ਕੱਲ੍ਹ ਦੇਰ ਸ਼ਾਮ ਉਸ ਦਾ ਤਾਇਆ ਕੁਲਵਿੰਦਰ ਸਿੰਘ ਉਸ ਨੂੰ ਘਰ ’ਚੋਂ ਚੁੱਕ ਕੇ ਛੱਤ ’ਤੇ ਲੈ ਗਿਆ ਤੇ ਉੱਥੋਂ ਉਸ ਨੂੰ ਹੇਠਾਂ ਗਲ਼ੀ ਵਿੱਚ ਸੁੱਟ ਦਿੱਤਾ।
ਥਾਣਾ ਸਿਵਲ ਲਾਈਨ ਮੁਖੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਸਿਵਲ ਹਸਪਤਾਲ ਬਟਾਲਾ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੇਢ ਮਹੀਨੇ ਦੇ ਬੱਚੇ ਦੀ ਛੱਤ ਤੋਂ ਡਿੱਗਣ ਕਰਕੇ ਮੌਤ ਹੋ ਗਈ ਹੈ। ਇਸ ਪਿੱਛੋਂ ਉਹ ਤੁਰੰਤ ਮੌਕੇ ’ਤੇ ਪੁੱਜੇ ਤੇ ਬੱਚੇ ਦੀ ਲਾਸ਼ ਦੀ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਤਾਇਆ ਦਿਮਾਗੀ ਤੌਰ ’ਤੇ ਪਰੇਸ਼ਾਨ ਹੈ। ਉਸ ਦੀ ਪਤਨੀ ਪਿਛਲੇ ਕਰੀਬ 4 ਸਾਲਾਂ ਤੋਂ ਉਸ ਨੂੰ ਛੱਡ ਕੇ ਜਾ ਚੁੱਕੀ ਹੈ।