ਚੰਡੀਗੜ੍ਹ: ਸਾਬਕਾ ਕਾਂਗਰਸੀ ਵਿਧਾਇਕ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਹਨੀਪ੍ਰੀਤ ਨਾਲ ਕਦੇ ਕੋਈ ਰਾਬਤਾ ਨਹੀਂ ਰਿਹਾ ਹੈ ਤੇ ਨਾ ਹੀ ਹਨੀਪ੍ਰੀਤ ਦੀ ਉਨ੍ਹਾਂ ਕੋਈ ਮੱਦਦ ਕੀਤੀ ਹੈ। ਜੱਸੀਨੇ ਕਿਹਾ ਕਿ ਉਨ੍ਹਾਂ ਬਾਰੇ ਵਿਰੋਧੀਆਂ ਵੱਲੋਂ ਜਾਣਬੁੱਝ ਕੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਮਾਮਲੇ ਵਿੱਚ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਹਨੀਪ੍ਰੀਤ ਨਾਲ ਸੰਪਰਕ ਸੀ। ਕੁਝ ਸਮਾਂ ਪਹਿਲਾਂ ਜੱਸੀ 'ਤੇ ਵੀ ਮੱਦਦ ਦੇ ਇਲਜ਼ਾਮ ਲੱਗੇ ਸੀ। ਜੱਸੀ ਨੇ ਕਿਹਾ ਕਿ ਜਿਸ ਬਾਬੇ ਦੇ ਡਰਾਈਵਰ ਇਕਬਾਲ ਬਾਰੇ ਗੱਲਬਾਤ ਹੋ ਰਹੀ ਹੈ, ਉਸ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਇਕਬਾਲ ਦੋਸਤ ਬਠਿੰਡੇ ਰਹਿੰਦਾ ਹੈ ਤੇ ਉਸ ਦਾ ਹਨੀਪ੍ਰੀਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਹ ਰਾਜਸਥਾਨ ਦੇ ਗੁਰੂਸਰ ਮੋੜੀਆਂ ਹਨੀਪ੍ਰੀਤ ਨਹੀਂ ਬਲਕਿ ਆਪਣੀ ਬੇਟੀ ਨੂੰ ਮਿਲਣ ਗਏ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਜਾਂਚ ਚੱਲ ਰਹੀ ਹੈ ਤੇ ਉਹ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ 'ਤੇ ਕੋਈ ਟਿੱਪਣੀ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਬਾਬੇ ਦਾ ਰਿਸ਼ਤੇਦਾਰ ਜ਼ਰੂਰ ਹਾਂ ਪਰ ਉਨ੍ਹਾਂ ਦਾ ਡੇਰੇ ਦੇ ਕਿਸੇ ਬੰਦੇ ਨਾਲ ਕੋਈ ਸੰਪਰਕ ਨਹੀਂ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਆਪਣੇ ਕੰਮ ਵਿੱਚ ਬਿਜ਼ੀ ਹਨ ਤੇ ਜਲਦੀ ਹੀ ਉਹ ਸਾਰੇ ਮਸਲੇ ਬਾਰੇ ਵਿਸਥਾਰਪੂਰਵਕ ਗੱਲ ਕਰਨਗੇ।