Haryana News: ਹਰਿਆਣਾ ਦੇ ਨੂਹ ਵਿਚ 31 ਜੁਲਾਈ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਕਾਂਗਰਸ ਵਿਧਾਇਕ ਮਾਮਨ ਖ਼ਾਨ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਮਾਮਨ ਖ਼ਾਨ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਨ ਖ਼ਾਨ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਜਦੋਂਕਿ ਪੁਲੀਸ ਨੇ ਸੱਤ ਦਾ ਰਿਮਾਂਡ ਮੰਗਿਆ ਸੀ। ਸੁਰੱਖਿਆ ਕਾਰਨਾਂ ਕਰਕੇ ਧਾਰਾ 144 ਲਾਗੂ ਹੋਣ ਦੇ ਨਾਲ-ਨਾਲ ਨੂਹ 'ਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਦੀ ਨਮਾਜ਼ ਘਰਾਂ ਤੋਂ ਹੀ ਅਦਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨੂਹ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਵਿੱਚ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।
ਨੂਹ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਪਹਿਲਾਂ 25 ਅਗਸਤ ਨੂੰ ਵਿਧਾਇਕ ਮਾਮਨ ਖਾਨ ਨੂੰ ਨੋਟਿਸ ਦਿੱਤਾ ਸੀ ਅਤੇ 31 ਅਗਸਤ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਨੋਟਿਸ ਦੇ ਜਵਾਬ ਵਿੱਚ, ਵਿਧਾਇਕ ਨੇ ਇੱਕ ਮੈਡੀਕਲ ਨੋਟ ਭੇਜਿਆ ਕਿ ਉਹ ਬੁਖਾਰ ਤੋਂ ਪੀੜਤ ਹੈ। ਉਸ ਤੋਂ ਬਾਅਦ ਪੁਲੀਸ ਵੱਲੋਂ 5 ਸਤੰਬਰ ਨੂੰ ਦੂਜਾ ਨੋਟਿਸ ਦਿੱਤਾ ਗਿਆ ਅਤੇ 10 ਸਤੰਬਰ ਨੂੰ ਨੂਹ ਪੁਲੀਸ ਲਾਈਨ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ, ਪਰ ਫਿਰ ਵੀ ਉਹ ਨਹੀਂ ਪੁੱਜੇ।
ਹਾਲਾਂਕਿ ਮਾਮਨ ਖ਼ਾਨ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਦੌਰਾਨ ਅਦਾਲਤ ਵਿੱਚ ਕਿਹਾ ਗਿਆ ਸੀ ਕਿ ਉਸ ਨੂੰ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਹਿੰਸਾ ਦੇ ਦਿਨ ਉਹ ਨੂਹ ਵਿੱਚ ਨਹੀਂ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਹ 26 ਜੁਲਾਈ ਤੋਂ 1 ਅਗਸਤ ਤੱਕ ਗੁਰੂਗ੍ਰਾਮ ਸਥਿਤ ਆਪਣੇ ਘਰ 'ਤੇ ਸੀ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਐਸਆਈਟੀ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਨੂਹ ਹਿੰਸਾ ਵਿੱਚ 6 ਲੋਕਾਂ ਦੀ ਮੌਤ
ਮਾਮਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਨੂਹ ਦੇ ਪੁਲਿਸ ਸੁਪਰਡੈਂਟ ਨਰਿੰਦਰ ਬਿਜਾਰਨੀਆ ਨੇ ਕਿਹਾ ਕਿ ਨੂਹ ਦੇ ਬਰਕਾਲੀ ਚੌਂਕ 'ਤੇ ਵਾਪਰੀ ਘਟਨਾ 'ਚ ਮਾਮਨ ਖ਼ਾਨ ਦੀ ਭੂਮਿਕਾ ਸੀ। ਉਹ ਉਸ ਸਮੇਂ ਆਪਣੇ ਸਮਰਥਕਾਂ ਦੇ ਸੰਪਰਕ ਵਿੱਚ ਸੀ। ਹਿੰਸਾ ਵਾਲੀ ਥਾਂ ਦੇ ਨੇੜੇ ਹੀ ਮਮਨ ਖ਼ਾਨ ਦਾ ਟਿਕਾਣਾ ਵੀ ਮਿਲਿਆ ਹੈ। ਫਿਲਹਾਲ ਅਦਾਲਤ ਨੇ ਮਾਮਨ ਖ਼ਾਨ ਨੂੰ ਦੋ ਦਿਨਾਂ ਲਈ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ 31 ਜੁਲਾਈ ਨੂੰ ਨੂਹ 'ਚ ਉਸ ਸਮੇਂ ਹਿੰਸਾ ਭੜਕ ਗਈ ਸੀ ਜਦੋਂ ਭੀੜ ਨੇ ਬ੍ਰਜਮੰਡਲ ਯਾਤਰਾ 'ਤੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਿੰਸਾ ਭੜਕ ਗਈ ਅਤੇ ਹਿੰਸਾ 'ਚ 6 ਲੋਕਾਂ ਦੀ ਮੌਤ ਹੋ ਗਈ।