ਜਲੰਧਰ: ਬੀਤੇ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਹੋਈ ਇੱਕ ਕਰੋੜ 18 ਲੱਖ 50 ਰੁਪਏ ਦੀ ਲੁੱਟ ਮਾਮਲੇ 'ਚ 24 ਘੰਟੇ ਬੀਤਣ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਲੁਟੇਰੇ ਨੂੰ ਫੜ ਲਿਆ ਹੈ। ਹਾਲਾਂਕਿ, ਪੁਲਿਸ ਦੇ ਹੱਥ ਹਾਲੇ ਤੱਕ ਲੁੱਟਿਆ ਹੋਇਆ ਕੈਸ਼ ਨਹੀਂ ਲੱਗਾ ਹੈ ਪਰ ਦਾਅਵਾ ਹੈ ਕਿ ਸਾਰੇ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਤੇ ਛੇਤੀ ਹੀ ਪੈਸੇ ਵੀ ਬਰਾਮਦ ਕਰ ਲਏ ਜਾਣਗੇ।
ਲੁੱਟ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਕੇ ਡੀ.ਆਈ.ਜੀ. ਜਲੰਧਰ ਰੇਂਜ ਜਸਕਰਨ ਸਿੰਘ ਨੇ ਦੱਸਿਆ ਕਿ ਲੁੱਟ ਵਿੱਚ ਸ਼ਾਮਲ ਛੇ ਮੁਲਜ਼ਮ ਕਪੂਰਥਲਾ ਦੇ ਨਡਾਲਾ ਤੇ ਨੇੜਲੇ ਪਿੰਡਾਂ ਦੇ ਹਨ। ਇੱਕ ਬਟਾਲੇ ਦਾ ਹੈ। ਜਿਸ ਮੁਲਜ਼ਮ ਨੂੰ ਬੀਤੇ ਕੱਲ੍ਹ ਗੋਲੀ ਲੱਗੀ ਸੀ ਉਸ ਦੀ ਹਾਲਤ ਸਥਿਰ ਹੈ ਤੇ ਹੋਰਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਹੈੱਪੀ ਨਾਂ ਦਾ ਇੱਕ ਮੁਲਜ਼ਮ ਪਹਿਲਾਂ ਐਚ.ਡੀ.ਐਫ.ਸੀ. ਬੈਂਕ ਦੇ ਕੈਸ਼ ਨੂੰ ਏ.ਟੀ.ਐਮ. 'ਚ ਲੋਡ ਕਰਨ ਦਾ ਕੰਮ ਕਰਦਾ ਸੀ। ਇਸ ਲਈ ਉਸ ਨੂੰ ਇਸ ਬਾਰੇ ਜਾਣਕਾਰੀ ਸੀ।
ਡੀਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਤਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ ਨੂੰ ਕੱਲ ਪੁਲਿਸ ਨੇ ਪਿੱਛਾ ਕਰ ਕੇ ਫੜ ਲਿਆ ਸੀ। ਇਸ ਤੋਂ ਬਾਅਦ ਜਸਕਰਨ ਸਿੰਘ ਨੂੰ ਵੀ ਫੜ ਲਿਆ ਹੈ।
ਪੁਲਿਸ ਮੁਤਾਬਕ ਲੁੱਟਿਆ ਹੋਇਆ ਰੁਪਿਆ ਗਰੁੱਪ ਦੇ ਸਰਗਨਾ ਨਿੰਮਾ ਕੋਲ ਹੈ। ਇਨ੍ਹਾਂ ਵਿੱਚੋਂ ਰਣਜੀਤ ਸਿੰਘ ਦੁਬਈ ਤੋਂ ਆਇਆ ਸੀ। ਉਹ ਅੱਜ-ਕੱਲ੍ਹ ਕੋਈ ਕੰਮ ਨਹੀਂ ਕਰ ਰਿਹਾ ਸੀ। ਇਨ੍ਹਾਂ ਮੁਲਜ਼ਮਾਂ ਦਾ ਕੋਈ ਵੱਡਾ ਕ੍ਰਿਮਿਨਲ ਰਿਕਾਰਡ ਵੀ ਹਾਲੇ ਤੱਕ ਨਹੀਂ ਪਤਾ ਲੱਗਾ ਹੈ।