ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਅਪਣਾਏ ਗਏ ਕਰੜੇ ਰੁਖ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਦੀਆਂ ਜਨਮਦਾਤਾ ਪੰਜਾਬ ਦੀਆਂ ਜੇਲ੍ਹਾਂ ਹਨ ਕਿਉਂਕਿ ਜੇਲਾਂ ਵਿੱਚ ਬੰਦ ਮੁਜਰਮ ਬੜੀ ਆਸਾਨੀ ਨਾਲ ਆਪਣੇ ਨੈੱਟਵਰਕ ਨੂੰ ਚਲਾ ਰਹੇ ਹਨ।


ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਮਿਲਣ ਅਤੇ ਕਈ ਹੋਰ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਸਾਫ ਹੈ ਕਿ ਜੇਲ੍ਹਾਂ 'ਚ ਬੰਦ ਲੋਕ ਆਪਣੇ ਨੈੱਟਵਰਕ ਨੂੰ ਆਸਾਨੀ ਨਾਲ ਚਲਾ ਰਹੇ ਹਨ ਪਰ ਹੁਣ ਇਹ ਸਭ ਕੁਝ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵਲੋਂ ਇਸ ਸਬੰਧੀ ਸਾਰੀ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਇਸ ਦੀ ਸ਼ੁਰੂਆਤ ਵੀ ਜਲਦ ਹੀ ਕਰ ਦਿੱਤੀ ਜਾਵੇਗੀ।

ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜ਼ੁਰਮ 'ਤੇ ਲਗਾਮ ਲਗਾਉਣ ਲਈ ਜਿੱਥੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੈਮਰ ਲਗਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਓਥੇ ਹੀ ਸਾਰੇ ਸ਼ਹਿਰਾਂ ਵਿੱਚ ਹਰ ਥਾਂ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਲਈ ਸਰਕਾਰ ਵਲੋਂ ਫ਼ੰਡ ਵੀ ਜਾਰੀ ਕੀਤੇ ਜਾਣਗੇ।

ਸਿੱਧੂ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਪੱਖ ਪੂਰਦੀਆਂ ਕਿਹਾ ਕਿ ਇਸਦਾ ਹੱਲ ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸੂਬਾ ਸਰਕਾਰਾਂ ਨਾਲ ਬੈਠ ਕੇ ਕੀਤਾ ਜਾਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਤਾਂ ਉਸ ਨੂੰ ਖੇਤੀ ਕਰਨ ਲਈ ਵੱਧ ਪੈਸਾ ਖਰਚ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਹਨਾਂ ਨੂੰ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।