ਪਟਿਆਲਾ: ਕੋਰੋਨਾ ਦੇ ਕਹਿਰ ਵਿੱਚ ਸਿਹਤ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਜਾਣ ਤੋਂ ਡਰ ਲੱਗ ਰਿਹਾ ਹੈ। ਹਿੰਸਾ ਤੇ ਜਾਨ ਦੇ ਖਤਰੇ ਦੇ ਡਰੋਂ ਸਿਹਤ ਅਧਿਕਾਰੀ ਹੁਣ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਪੇਂਡੂ ਖੇਤਰਾਂ 'ਚ ਕੋਰੋਨਾ ਨਾਲ ਸਬੰਧਤ ਗਤੀਵਿਧੀ ਲਈ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਇੱਕ ਮੈਡੀਕਲ ਅਧਿਕਾਰੀ ਨੂੰ ਕਥਿਤ ਤੌਰ 'ਤੇ ਮਰੀਜ਼ ਦੇ ਸਸਕਾਰ ਸਮੇਂ ਕੁੱਟਿਆ ਗਿਆ ਸੀ। ਇੱਕ ਹੋਰ ਅਧਿਕਾਰੀ ਜਦੋਂ ਮਰੀਜ਼ ਦੀ ਸੈਂਪਲਿੰਗ ਲਈ ਪਿੰਡ ਗਿਆ ਤਾਂ ਉਸ ਨੂੰ ਧਮਕੀ ਦਿੱਤੀ ਸੀ।

ਪਿੰਡ ਦੇ ਕਈ ਵਾਸੀ ਸਿਹਤ ਮੁਲਾਜ਼ਮਾਂ ਦੀ ਟੀਮ ਨੂੰ ਵੇਖ ਕੇ ਆਪਣੇ ਘਰਾਂ ਦੇ ਗੇਟ ਬੰਦ ਕਰ ਲੈਂਦੇ ਹਨ। ਇਸ ਲਈ ਕੁਝ ਲੋਕ ਸੈਂਪਲ ਦੇਣ ਤੋਂ ਬਚਣ ਲਈ ਭੱਜ ਜਾਂਦੇ ਹਨ। ਪੇਂਡੂ ਖੇਤਰਾਂ 'ਚ ਮੌਤਾਂ ਦੀ ਵਧਦੀ ਗਿਣਤੀ ਦੇ ਬਾਵਜੂਦ ਅਧਿਕਾਰੀਆਂ ਨੂੰ ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਸਹਿਯੋਗ ਨਹੀਂ ਕਰ ਰਹੇ ਤੇ ਆਮ ਤੌਰ 'ਤੇ ਕੁਝ ਹੀ ਲੋਕ ਸੈਂਪਲ ਦੇਣ ਆਉਂਦੇ ਹਨ।

ਭਾਦਸੋਂ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰਜੀਤ ਕੌਰ ਨੇ ਕਿਹਾ, "ਪਿੰਡ ਵਾਸੀ, ਖ਼ਾਸਕਰ ਨੌਜਵਾਨ ਟੈਸਟ ਦਾ ਵਿਰੋਧ ਕਰਦੇ ਹਨ ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕੋਈ ਲੱਛਣ ਨਹੀਂ ਹਨ। ਭਾਵੇਂ ਉਨ੍ਹਾਂ ਦਾ ਟੈਸਟ ਪੌਜ਼ੇਟਿਵ ਆਵੇ, ਪਰ ਉਹ ਸਵੀਕਾਰ ਨਹੀਂ ਕਰਦੇ। ਨਤੀਜੇ ਵਜੋਂ, ਉਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਦੀ ਮਦਦ ਲੈਣੀ ਪੈ ਰਹੀ ਹੈ।"

ਪਿੰਡ ਪਾਸੀਆਂ ਰਵਾਨਾ ਹੋਣ ਵਾਲੇ ਸਿਹਤ ਅਧਿਕਾਰੀਆਂ ਦੀ ਟੀਮ ਨੇ ਕਿਹਾ ਕਿ ਉਹ ਕਿਸੇ ਵੀ ਪਿੰਡ 'ਚ ਜਾਣ ਤੋਂ 2 ਦਿਨ ਪਹਿਲਾਂ ਨੇੜਲੇ ਪੁਲਿਸ ਥਾਣੇ ਨੂੰ ਸੂਚਿਤ ਕਰਦੇ ਹਨ। ਸਬੰਧਤ ਥਾਣੇ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਉਹ ਪੁਲਿਸ ਮੁਲਾਜ਼ਮਾਂ ਨਾਲ ਸੈਂਪਲ ਲੈਣ ਲਈ ਬਾਹਰ ਜਾਂਦੇ ਹਨ।

ਰੈਪਿਡ ਰਿਸਪਾਂਸ ਟੀਮ ਦੇ ਇੰਚਾਰਜ ਡਾਕਟਰ ਅਸਲਮ ਪਰਵੇਜ਼, ਜੋ 100 ਪਿੰਡਾਂ ਦੀ ਨਿਗਰਾਨੀ ਕਰਦੇ ਹਨ, ਨੇ ਕਿਹਾ, "ਪਿਛਲੇ ਸਮੇਂ 'ਚ ਪਿੰਡ ਵਾਸੀਆਂ ਵੱਲੋਂ ਸਾਡੇ ਉੱਤੇ ਹਮਲਾ ਕਰਨ ਤੋਂ ਬਾਅਦ ਸਾਨੂੰ ਦੋ ਐਫਆਈਆਰ ਦਰਜ ਕਰਨੀਆਂ ਪਈਆਂ। ਹੁਣ ਜ਼ਿਆਦਾਤਰ ਮਾਮਲਿਆਂ 'ਚ ਸਾਨੂੰ ਲੋਕਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ 'ਚ ਬਹੁਤ ਸਾਰੀ ਊਰਜਾ ਬਰਬਾਦ ਕਰਨੀ ਪੈਂਦੀ ਹੈ। ਨਤੀਜੇ ਵਜੋਂ ਅਸੀਂ ਪਿੰਡ ਵਾਸੀਆਂ ਦੇ ਅਸਹਿਯੋਗ ਦੇ ਕਾਰਨ 200 ਦੇ ਟੀਚੇ ਦੀ ਬਜਾਏ ਸਿਰਫ਼ 100 ਦੇ ਕਰੀਬ ਸੈਂਪਲ ਇਕੱਠੇ ਕਰ ਪਾ ਰਹੇ ਹਾਂ।"


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ