ਲੁਧਿਆਣਾ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਖਟਕੜ ਕਲਾਂ, ਨਵਾਂ ਸ਼ਹਿਰ ਨਾਲ ਰਿਸ਼ਤਾ ਨਹੁੰ ਤੇ ਮਾਸ ਵਾਂਗ ਰਿਹਾ। ਉਨ੍ਹਾਂ ਦੇ ਦਾਦਾ ਅਰਜੁਨ ਸਿੰਘ ਹੁਣਾਂ ਵੱਲੋਂ ਖਟਕੜ ਕਲਾਂ ਲਿਆ ਕੇ ਸਿਖਾਏ ਜੀਵਨ ਦੇ ਗੁਰ ਉਨ੍ਹਾਂ ਦੀ ਦੇਸ਼ ਪ੍ਰੇਮ ਦੀ ਸੋਚ ਦਾ ਆਧਾਰ ਬਣੇ। ਹਾਲਾਂਕਿ ਬਚਪਨ ਦਾ ਜ਼ਿਆਦਾ ਸਮਾਂ ਉਨ੍ਹਾਂ ਦਾ ਪਾਕਿਸਤਾਨ ਦੇ 105 ਚੱਕ ਸਥਿਤ ਬੰਗਾ ਵਿੱਚ ਹੀ ਬੀਤਿਆ।


ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੇ ਜੀਵਨ ਨਾਲ ਜੁੜੇ ਅਹਿਮ ਖੁਲਾਸੇ ਕੀਤੇ। ਜਿਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਬਚਪਨ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਦੇ 105 ਚੱਕ ਸਥਿਤ ਬੰਗਾ ਵਿੱਚ ਬੀਤਣ ਦੇ ਬਾਵਜੂਦ ਉਨ੍ਹਾਂ ਦਾ ਖਟਕੜ ਕਲਾਂ ਨਾਲ ਅਹਿਮ ਰਿਸ਼ਤਾ ਰਿਹਾ, ਜਿਸ ਨੂੰ ਨਹੁੰ ਤੇ ਮਾਂਸ ਦਾ ਰਿਸ਼ਤਾ ਵੀ ਕਹਿ ਸਕਦੇ ਹਾਂ ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਗੁਰ ਆਪਣੇ ਦਾਦਾ ਅਰਜੁਨ ਸਿੰਘ ਤੋਂ ਖਟਕੜ ਕਲਾਂ ਵਿੱਚ ਹੀ ਸਿੱਖੇ। ਜਿਹੜੇ ਬਾਅਦ ਵਿੱਚ ਉਨ੍ਹਾਂ ਦੀ ਜੀਵਨ ਸੋਚ ਦਾ ਆਧਾਰ ਬਣੇ।


ਉਨ੍ਹਾਂ ਦੱਸਿਆ ਕਿ ਭਗਤ ਸਿੰਘ ਆਪਣੇ ਦਾਦਾ ਜੀ ਨਾਲ ਗਰਮੀਆਂ ਦੌਰਾਨ ਖਟਕੜ ਕਲਾਂ ਆ ਜਾਂਦੇ ਸਨ। ਉਹ ਮਹਾਤਮਾ ਗਾਂਧੀ ਵੱਲੋਂ 1921 ਵਿਚ ਦਿੱਤੀ ਗਈ ਸੱਤਿਆਗ੍ਰਿਹ ਕਾਲ ਤੋਂ ਪਹਿਲਾਂ ਲਾਹੌਰ ਵਿੱਚ ਹੀ ਪੜ੍ਹਦੇ ਰਹੇ ਅਤੇ ਮਹਾਤਮਾ ਗਾਂਧੀ ਦੀ ਕਾਲ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ 1919 ਵਿਚ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਜਾਣ ਦਾ ਵੀ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੂੰ ਅੰਗਰੇਜ਼ ਹਕੂਮਤ ਦਾ ਅਸਲੀ ਤਾਨਾਸ਼ਾਹੀ ਚਿਹਰਾ ਦੇਖਣ ਨੂੰ ਮਿਲਿਆ ਤੇ ਇੱਥੋਂ ਉਨ੍ਹਾਂ ਦੀ ਅੰਗਰੇਜ਼ੀ ਹਕੂਮਤ ਨੂੰ ਲੈ ਕੇ ਸੋਚ ਪੂਰੀ ਤਰ੍ਹਾਂ ਬਦਲ ਗਈ।


ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਪਰਿਵਾਰ 1947 ਵੇਲੇ ਭਾਰਤ ਆ ਗਿਆ ਸੀ, ਜਿਸਦਾ ਮੁੱਖ ਕਾਰਨ ਦੇਸ਼ ਦੀ ਹੋਈ ਵੰਡ ਵੀ ਸੀ। ਹਾਲਾਂਕਿ ਸ਼ੁਰੂਆਤ 'ਚ ਉਨ੍ਹਾਂ ਨੂੰ ਇਹ ਕੁਝ ਸਮੇਂ ਦਾ ਬਿਰਤਾਂਤ ਲੱਗਿਆ ਸੀ ਲੇਕਿਨ ਬਾਅਦ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲਕੀਰਾਂ ਖਿੱਚ ਗਈਆਂ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ 1931 ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਸ਼ਹਾਦਤਾਂ ਤੋਂ ਬਾਅਦ ਬੰਗਾ, ਪਾਕਿਸਤਾਨ ਵਿਖੇ ਲਗਾਤਾਰ ਮੇਲਾ ਲੱਗ ਰਿਹਾ ਸੀ, ਜਦਕਿ ਭਾਰਤ ਦੀ ਵੰਡ ਤੋਂ ਬਾਅਦ ਖਟਕੜ ਕਲਾਂ ਵਿਖੇ ਆਜ਼ਾਦੀ ਤੋਂ ਦੋ ਸਾਲ ਬਾਅਦ 1949 ਵਿੱਚ ਇਹ ਮੇਲਾ ਲੱਗਣਾ ਸ਼ੁਰੂ ਹੋਇਆ।


ਜਿਸ ਜਗ੍ਹਾ ਉੱਪਰ ਅੱਜ ਖਟਕੜ ਕਲਾਂ ਵਿਖੇ ਸਮਾਰਕ ਬਣਿਆ ਹੈ ਅਤੇ ਹਰ ਸਾਲ ਮੇਲਾ ਲੱਗਦਾ ਹੈ, ਉਹ ਜਗ੍ਹਾ ਵੀ ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਨੇ ਉਨ੍ਹਾਂ ਦੇ ਨਾਂਅ ਕਰ ਦਿੱਤੀ ਸੀ ਤੇ ਅੱਜ ਵੀ ਉਹ ਰੈਵੇਨਿਊ ਰਿਕਾਰਡ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਹੀ ਬੋਲਦੀ ਹੈ।