ਨਵੀਂ ਦਿੱਲੀ: ਦੇਸ਼ ਦੇ ਕੁਝ ਇਲਾਕਿਆਂ ’ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸ ਵਿੱਚ ਗਰਮੀ ਦੇ ਨਾਲ-ਨਾਲ ਤੇਜ਼ ਵਰਖਾ ਦੀ ਸੰਭਾਵਨਾ ਵੀ ਤੀਬਰ ਹੁੰਦੀ ਜਾ ਰਹੀ ਹੈ। ਇਹ ਮੀਂਹ ਕਿਸਾਨਾਂ ਲਈ ਮੁਸੀਬਤ ਦਾ ਕਾਰਣ ਬਣ ਸਕਦਾ ਹੈ ਕਿਉਂਕਿ ਇਨ੍ਹੀਂ ਦਿਨੀਂ ਜ਼ਿਆਦਾਤਰ ਕਿਸਾਨ ਆਪਣੇ ਖੇਤਾਂ ਵਿੱਚ ਕਣਕ, ਜੌਂ ਤੇ ਸਰ੍ਹੋਂ ਦੀ ਫ਼ਸਲ ਦੀ ਵਾਢੀ ਵਿੱਚ ਜੁਟੇ ਹੋਏ ਹਨ। ਕੁਝ ਇਲਾਕਿਆਂ ’ਚ ਕਣਕ ਤੇ ਜੌਂ ਦੀ ਫ਼ਸਲ ਪੱਕ ਕੇ ਤਿਆਰ ਹੈ ਤੇ ਕਿਸਾਨ ਉਨ੍ਹਾਂ ਨੂੰ ਵੱਢਣ ਦੀਆਂ ਤਿਆਰੀਆਂ ’ਚ ਹਨ।

 
ਅਜਿਹੇ ਹਾਲਾਤ ’ਚ ਜੇ ਮੀਂਹ ਪੈ ਗਿਆ, ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉੱਧਰ ਦੇਸ਼ ਦੇ ਕਈ ਇਲਾਕਿਆਂ ’ਚ ਤੇਜ਼ ਧੁੱਪ ਤੇ ਲੂ ਨਾਲ ਲੋਕਾਂ ਦਾ ਮਾੜਾ ਹਾਲ ਹੋਇਆ ਪਿਆ ਹੈ।

 





ਮੱਧ ਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ’ਚ ਲੂ ਆਪਣੀ ਕਰੋਪੀ ਵਿਖਾ ਰਹੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਤੇ ਉੜੀਸਾ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਤੇਜ਼ ਵਰਖਾ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

 

ਪੱਛਮੀ ਹਿਮਾਲਾ ਖੇਤਰ ’ਚ ਪੱਛਮੀ ਗੜਬੜੀ ਫਿਰ ਪੈਦਾ ਹੋ ਰਹੀ ਹੈ। ਇਹ ਗੜਬੜੀ 14 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਔਰਾਨ ਰਹੇਗੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਤੋਂ 5 ਦਿਨਾਂ ’ਚ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ, ਪੱਛਮੀ ਬੰਗਾਲ ਤੇ ਓੜੀਸ਼ਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਝੱਖੜ-ਤੂਫ਼ਾਨ ਨਾਲ ਤੇਜ਼ ਵਰਖਾ ਹੋਣ ਦੀ ਵੀ ਸੰਭਾਵਨਾ ਹੈ।

 

ਝਾਰਖੰਡ ਵਿੱਚ ਵੀ ਅਗਲੇ ਦੋ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤੀ ਸੂਬਿਆਂ ਤਾਮਿਲ ਨਾਡੂ, ਕੇਰਲ ਤੇ ਕਰਨਾਟਕ ਦੇ ਸਮੁੰਦਰੀ ਕੰਢੇ ਵਾਲੇ ਖੇਤਰਾਂ ’ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਪੱਛਮੀ ਰਾਜਸਥਾਨ ਦੇ ਕਈ ਇਲਾਕਿਆਂ ’ਚ 14 ਅਤੇ 15 ਅਪ੍ਰੈਲ ਨੂੰ ਧੂੜ ਭਰੀ ਹਨੇਰੀ ਤੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

 

ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫ਼ਰਾਬਾਦ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਨੂੰ ਮੀਂਹ ਪੈ ਸਕਦਾ ਹੈ। ਵੀਰਵਾਰ ਨੂੰ ਇਨ੍ਹਾਂ ਥਾਵਾਂ ਉੱਤੇ ਭਾਰੀ ਮੀਂਹ ਦੀ ਸੰਭਾਵਨਾ ਹੈ।