ਚੰਡੀਗੜ੍ਹ: "ਜੇ ਮੇਰੇ ਖ਼ਿਲਾਫ ਕੋਈ ਅਜਿਹਾ ਇਲਜ਼ਾਮ ਹੁੰਦਾ ਤਾਂ ਮੈਂ ਇੱਕ ਮਿੰਟ 'ਚ ਅਸਤੀਫ਼ਾ ਦੇ ਦਿੰਦਾ। ਜੇ ਹਾਈਕੋਰਟ ਦਾ ਫੈਸਲਾ ਖਹਿਰਾ ਦੇ ਖ਼ਿਲਾਫ ਆਇਆ ਤਾਂ ਉਨ੍ਹਾਂ ਦਾ ਅਸਤੀਫ਼ਾ ਹੋਵੇਗਾ। ਉਹ ਖ਼ੁਦ ਹੀ ਪਾਰਟੀ ਦੀ ਮਰਿਆਦਾ ਨੂੰ ਸਮਝਦੇ ਹੋਏ ਅਸਤੀਫਾ ਦੇ ਦੇਣਗੇ।" ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਿੰਮਤ ਸਿੰਘ ਸ਼ੇਰਗਿੱਲ ਨੇ ਕਹੀ ਹੈ। ਦਰਅਸਲ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਨੇ ਡਰੱਗ ਮਾਮਲੇ ਨਾਲ ਸਬੰਧਤ ਸੰਮਨ ਕੀਤਾ ਹੈ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਵੱਲੋਂ ਸਵਾਲ ਉਠਾਏ ਜਾ ਰਹੇ ਹਨ, ਉੱਥੇ ਹੀ ਕਈ 'ਆਪ' ਲੀਡਰ ਵੀ ਖਹਿਰਾ ਖ਼ਿਲਾਫ ਨਿੱਤਰੇ ਹਨ।

ਸ਼ੇਰਗਿੱਲ ਨੇ ਕਿਹਾ ਕਿ 'ਆਪ' ਵਿਚਾਰਧਾਰਾ ਵਾਲੀ ਪਾਰਟੀ ਹੈ। ਖਹਿਰਾ ਖ਼ੁਦ ਵੀ ਪਾਰਟੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਇਸ ਲਈ ਜੇ ਕੋਈ ਫੈਸਲਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਖ਼ੁਦ ਹੀ ਅਸਤੀਫ਼ਾ ਦੇਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਗੱਲ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਅਦਾਲਤ 'ਚ ਕੀ ਹੁੰਦਾ ਹੈ।

ਉਨ੍ਹਾਂ ਕਿਹਾ, "ਸਾਰੀ ਪਾਰਟੀ ਕਦੇ ਵੀ ਕਿਸੇ ਗਲਤ ਕੰਮ ਦੀ ਪੈਰਵੀ ਨਹੀਂ ਕਰਦੀ ਤੇ ਨਾ ਹੀ ਅਸੀਂ ਕਿਸੇ ਗੰਭੀਰ ਮਸਲੇ 'ਤੇ ਆਪਣੀ ਪਾਰਟੀ ਦੇ ਲੀਡਰ ਨੂੰ ਗਲਤ ਡਫੈਂਡ ਕੀਤਾ ਹੈ।" ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਪਾਰਟੀ ਦੇ ਧਿਆਨ 'ਚ ਹੈ ਤੇ ਅਗਲੇ ਫੈਸਲੇ ਪਾਰਟੀ ਲਵੇਗੀ। ਪਿਛਲੇ ਦਿਨਾਂ ਛਪੇ ਆਪਣੇ ਵਿਆਹ ਦੇ ਇਸ਼ਤਿਹਾਰ ਬਾਰੇ ਕਿਹਾ, "ਮੇਰਾ ਵਿਆਹ ਮੇਰਾ ਨਿੱਜੀ ਮਸਲਾ ਹੈ ਤੇ ਜਦੋਂ ਕਿਸਮਤ ਹੋਵੇਗੀ ਉਦੋਂ ਵਿਆਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ।"