ਅੱਜ ਦੇ ਦਿਨ 7 ਪੋਹ 1704 ਵਿੱਚ ਚਮੌਕਰ ਦੀ ਗੜ੍ਹੀ 'ਚ 40 ਸਿੰਘਾਂ ਤੇ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਸਨ। ਮੁਕਾਬਲੇ 'ਚ 10 ਲੱਖ ਤੋਂ ਵੱਧ ਮੁਗ਼ਲ ਫ਼ੌਜ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਉਸ ਵੇਲੇ ਇਕੱਲਾ-ਇਕੱਲਾ ਸਿੰਘ ਲੱਖਾਂ ਨਾਲ ਜੂਝਦਾ ਹੋਇਆ ਮੈਦਾਨ-ਏ-ਜੰਗ ਵਿੱਚ ਵੀਰਗਤੀ ਪਾ ਗਿਆ ਸੀ।

ਗੁਰੂ ਸਾਹਿਬ ਨੇ ਆਪਣੇ ਪਿਆਰੇ ਚਾਲ਼ੀ ਸਿੰਘਾਂ ਤੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਅੱਖਾਂ ਨਾਲ ਸ਼ਹੀਦ ਹੁੰਦੇ ਦੇਖ ਸੋਗ ਮਨਾਉਣ ਦੀ ਥਾਂ ਜੈਕਾਰੇ ਗਜਾਏ ਸਨ। ਇਸੇ ਕਰ ਕੇ ਚਮਕੌਰ ਦੀ ਜੰਗ ਨੂੰ ਦੁਨੀਆ ਦੇ ਇਤਿਹਾਸ ਦੀ ਅਸਾਵੀਂ ਜੰਗ ਮੰਨਿਆ ਜਾਂਦਾ ਹੈ।

ਚਮਕੌਰ ਦੀ ਅਸਾਵੀਂ ਜੰਗ 'ਚ ਸ਼ਹੀਦ ਹੋਏ ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਅੱਜ ਦੇਸ਼ ਵਿਦੇਸ਼ ਦੀ ਸੰਗਤ ਵੱਡੀ ਗਿਣਤੀ 'ਚ ਇਤਿਹਾਸਕ ਧਰਤੀ ਵਿਖੇ ਨਤਮਸਤਕ ਹੋਈ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ 40 ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਿਪਤ ਅੱਜ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ ਸੀ। ਸਵੇਰ ਸਭ ਤੋਂ ਪਹਿਲਾਂ ਅਖੰਡ ਪਾਠ ਸਾਰਹਿਬ ਦੇ ਭੋਗ ਪਾਏ ਗਏ ਤੇ ਯੋਧਿਆਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਗਈ।

ਉਪਰੰਤ ਪੂਰਾ ਦਿਨ ਖ਼ਾਲਸਾਈ ਜਾਹੋ ਜਲਾਲ ਨਾਲ ਸ਼ਹਾਦਤ ਨੂੰ ਯਾਦ ਕੀਤਾ ਗਿਆ। ਚਮਕੌਰ ਦੀ ਅਸਾਵੀਂ ਜਂਗ ਦੇ ਗਵਾਹ ਇਤਿਹਾਸਕ ਗੁ. ਸ੍ਰੀ ਗੜੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ।

ਪੂਰੇ ਸ਼ਹਿਰ ਵਿੱਚ ਸੰਗਤ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਗੱਤਕਾ ਜੰਗਜੂਆਂ ਨੇ ਜੌਹਰ ਦਿਖਾ ਕੇ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਸ਼ਾਲ ਨਗਰ ਕੀਤਰਨ ਗੁਰਦੁਆਰਾ ਕਤਨਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਇਸੇ ਸਥਾਨ 'ਤੇ ਜਿੱਛੇ ਜੰਗ 'ਚ ਸ਼ਹੀਦ ਸਿੰਘਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਸ਼ਹਾਦਤਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਹਰ ਸਾਲ 3 ਦਿਨਾ ਸ਼ਹੀਦੀ ਜੋੜ ਮੇਲ ਭਰਦਾ ਹੈ।