Fatehgarh Sahib News: ਹਾਕੀ ਦੀ ਨੈਸ਼ਨਲ ਖਿਡਾਰਣ ਵੱਲੋਂ ਆਤਮ ਹੱਤਿਆ ਕਰ ਲੈਣ 'ਤੇ ਉਸ ਦੇ ਭਰਾ ਤੇ ਭਰਜਾਈ ਖਿਲਾਫ ਮਾਮਲਾ ਦਰਜ ਕੀਤੀ ਗਿਆ ਹੈ। ਖਿਡਾਰਣ ਦੇ ਪਿਤਾ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੀ ਧੀ ਨੂੰ ਉਸ ਦੇ ਬੇਟਾ ਤੇ ਨੂੰਹ ਤੰਗ-ਪ੍ਰੇਸ਼ਾਨ ਕਰਦੇ ਸਨ। ਇਸ ਲਈ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀਆਂ ਤਿੰਨ ਧੀਆਂ ਤੇ ਇੱਕ ਪੁੱਤਰ ਹੈ। ਦੋ ਲੜਕੀਆਂ ਤੇ ਇੱਕ ਪੁੱਤਰ ਸ਼ਾਦੀਸ਼ੁਦਾ ਹੈ। ਉਸ ਦੇ ਲੜਕੇ ਬਿਕਰਮਜੀਤ ਸਿੰਘ ਦੀ ਸ਼ਾਦੀ ਲਗਪਗ ਪੰਜ ਮਹੀਨੇ ਪਹਿਲਾਂ ਹੀ ਹੋਈ ਹੈ। ਉਸ ਦੇ ਲੜਕੇ ਦੀ ਪਹਿਲੀ ਸ਼ਾਦੀ ਹੈ ਤੇ ਜਦਕਿ ਉਸ ਦੀ ਨੂੰਹ ਪਿੰਕੀ ਦਾ ਇਹ ਦੂਸਰਾ ਵਿਆਹ ਸੀ।


ਜਸਪਾਲ ਸਿੰਘ ਮੁਤਾਬਕ ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਤੇ ਉਹ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕਰ ਰਹੀ ਸੀ। ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਭਰਾ ਬਿਕਰਮਜੀਤ ਤੇ ਉਸ ਦੀ ਭਰਜਾਈ ਪਿੰਕੀ ਉਸ ਨੂੰ ਹਮੇਸ਼ਾ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਤੇ ਗਾਲੀ-ਗਲੋਚ ਕਰਦੇ ਹਨ।


ਇਸ ਲਈ ਬਿਕਰਮਜੀਤ ਤੇ ਨੂੰਹ ਪਿੰਕੀ ਨੂੰ ਉਨ੍ਹਾਂ ਨੇ ਕਈ ਵਾਰ ਸਮਝਾਇਆ ਸੀ ਕਿ ਸੁਮਨਦੀਪ ਨੂੰ ਤੰਗ ਨਾ ਕਰਿਆ ਕਰੋ। ਬਿਕਰਮਜੀਤ ਤੇ ਪਿੰਕੀ ਦੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸੁਮਨਦੀਪ ਬੀਤੇ ਦਿਨ ਘਰੋਂ ਚਲੀ ਗਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਸੁਮਨਦੀਪ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੁਮਨਦੀਪ ਦੀ ਲਾਸ਼ ਨਹਿਰ ਵਿੱਚੋਂ ਮਿਲ ਗਈ ਹੈ। 


ਜਸਪਾਲ ਸਿੰਘ ਦੇ ਬਿਆਨਾਂ 'ਤੇ ਬਿਕਰਮਜੀਤ ਤੇ ਉਸ ਦੀ ਪਤਨੀ ਪਿੰਕੀ ਖਿਲਾਫ ਅੱਜ ਮਾਮਲਾ ਦਰਜ ਕਰਕੇ ਬਿਕਰਮਜੀਤ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਪਿੰਕੀ ਹਾਲੇ ਫਰਾਰ ਹੈ। ਸੁਮਨਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।