Sri Anandpur sahib: ਹੋਲਾ ਮਹੱਲਾ ਦੇ ਮੱਦੇਨਜ਼ਰ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ।


ਇਸ ਮੁਹਿੰਮ ਵਿੱਚ ਜਿੱਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਸ਼ਾਮਲ ਹੋਏ, ਉੱਥੇ ਹੀ ਵੱਖ-ਵੱਖ ਵਿਭਾਗਾਂ ਦੇ ਨਾਲ ਸਬੰਧਿਤ ਅਧਿਕਾਰੀ, ਕਰਮਚਾਰੀ, ਨਗਰ ਕੌਂਸਲਾਂ ਦੇ ਮੁਲਾਜ਼ਮ, ਆਮ ਆਦਮੀ ਪਾਰਟੀ ਦੇ ਵਰਕਰ ਸ਼ਾਮਲ ਹੋਏ।


ਇਸ ਦੇ ਨਾਲ ਹੀ ਵਿਸ਼ੇਸ਼ ਤੌਰ ‘ਤੇ ਕਾਰ ਸੇਵਾ ਭੂਰੀ ਵਾਲੇ ਸੰਪਰਦਾ ਤੋਂ ਬਾਬਾ ਸੁੱਖਾ ਸਿੰਘ ਜੀ ਤੇ ਉਨ੍ਹਾਂ ਦੇ ਸੇਵਾਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ ਵੱਲੋਂ ਇਸ ਸੇਵਾ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ।


ਇਸ ਤੋਂ ਉਪਰੰਤ ਹੱਥਾਂ ਵਿੱਚ ਝਾੜੂ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮੇਨ ਰੋਡ ਤੱਕ ਸਫਾਈ ਕੀਤੀ ਗਈ ਜਿਸ ਵਿੱਚ ਖ਼ਾਸ ਤੌਰ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਸੜਕ ਦੀ ਸਫ਼ਾਈ ਕੀਤੀ।


ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਲੱਖਾਂ ਦੀ ਤਦਾਦ ਵਿੱਚ ਸੰਗਤ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ ਅਤੇ ਗੁਰੂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇਸ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Pakistan News: ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਕੇ ਮਰੀਅਮ ਨਵਾਜ਼ ਨੇ ਰਚਿਆ ਇਤਿਹਾਸ


ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹ ਇਤਿਹਾਸਿਕ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਸਮੇਤ ਸਮੁੱਚੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਬਹੁਮੁਖੀ ਵਿਕਾਸ ਲਈ ਲਗਾਤਾਰ ਸ਼ਿੱਦਤ ਅਤੇ ਸੇਵਾ ਭਾਵ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਵਿਖੇ 2 ਮਾਰਚ ਨੂੰ ਵਾਟਰ ਟਰੀਟਮੈਂਟ ਪਲਾਂਟ ਦੇ ਕੰਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਸਮੂਹ ਸੰਤਾਂ ਮਹਾਂਪੁਰਸ਼ਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ਅਤੇ ਉਨ੍ਹਾਂ ਤੋਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰਖਵਾਇਆ ਜਾਵੇਗਾ।


ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਸ ਕੰਮ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਵੱਲੋਂ ਆਪਣੇ ਨਿਜੀ ਫੰਡਾਂ ‘ਚੋਂ ਪੈਸੇ ਵੀ ਦਿੱਤੇ ਗਏ ਹਨ। ਹਰਜੋਤ ਬੈਂਸ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਵਿਖੇ ਬੱਸ ਸਟੈਂਡ ਦੇ ਲਈ ਜਗ੍ਹਾ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਜਲਦ ਜਗ੍ਹਾ ਦੀ ਚੋਣ ਕਰਕੇ ਕੀਰਤਪੁਰ ਸਾਹਿਬ ਵਿਖੇ ਵਧੀਆ ਬੱਸ ਸਟੈਂਡ ਵੀ ਬਣਾਇਆ ਜਾਵੇਗਾ।


ਇਸ ਤੋਂ ਇਲਾਵਾ ਪਤਾਲਪੁਰੀ ਚੌਂਕ ਦੇ ਸੁੰਦਰੀ ਕਰਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਵਿਖੇ ਪਤਾਲਪੁਰੀ ਚੌਂਕ ਦੇ ਸੁੰਦਰੀਕਰਨ ਦਾ ਕੰਮ ਟੂਰਿਜ਼ਮ ਵਿਭਾਗ ਵੱਲੋਂ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਪੁੱਜਣ ਵਾਲੀ ਸੰਗਤ ਜਲਦ ਹੀ ਇਸ ਚੌਂਕ ਦੇ ਨਵੀਨੀਕਰਨ ਤੋਂ ਬਾਅਦ ਜਦੋਂ ਇੱਥੇ ਪੁੱਜੇਗੀ ਤਾਂ ਸੰਗਤ ਨੂੰ ਆਪ ਮੁਹਾਰੇ ਪਤਾ ਚੱਲੇਗਾ ਕਿ ਉਹ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਨਗਰੀ ਵਿਖੇ ਪੁੱਜ ਚੁੱਕੇ ਹਨ।


ਇਸ ਤੋਂ ਇਲਾਵਾ ਹਰਜੋਤ ਬੈਂਸ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚਰਨ ਗੰਗਾ ਦੇ ਦੋਵੇਂ ਪਾਸਿਆਂ ਦੇ ਸੁੰਦਰੀਕਰਨ ਦੇ ਲਈ ਪ੍ਰੋਜੈਕਟ ਅਪਰੂਵ ਹੋ ਚੁੱਕਿਆ ਹੈ ਪ੍ਰੰਤੂ ਕਿਉਂਕਿ ਉਸ ਖੇਤਰ ਵਿੱਚ ਕੁਝ ਲੋਕਾਂ ਦੇ ਨਿਜੀ ਜਮੀਨ ਆਉਂਦੀ ਹੈ, ਜਿਨਾਂ ਦੇ ਨਾਲ ਗੱਲ ਚੱਲ ਰਹੀ ਹੈ ਤੇ ਇਨ੍ਹਾਂ ਜਮੀਨ ਮਾਲਕਾਂ ਦੇ ਨਾਲ ਗੱਲਬਾਤ ਤੈਅ ਹੋਣ ਤੋਂ ਬਾਅਦ ਇਸ ਕੰਮ ਨੂੰ ਵੀ ਜੰਗੀ ਪੱਧਰ ‘ਤੇ ਕਰਕੇ ਅਨੰਦਪੁਰ ਸਾਹਿਬ ਨੂੰ ਇੱਕ ਵੱਡੀ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ।


ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਮਾਰਗ ‘ਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਆਪਣੇ ਪੱਧਰ ਤੇ ਸੇਵਾ ਆਰੰਭੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ 2022 ਤੋਂ ਉਸ ਸੜਕ ਲਈ ਪੈਸੇ ਰਿਲੀਜ਼ ਹੋ ਚੁੱਕੇ ਹਨ। ਜੰਗਲਾਤ ਵਿਭਾਗ ਵੱਲੋਂ ਇੱਕ ਓਬਜੈਕਸ਼ਨ ਲਗਾਇਆ ਗਿਆ ਹੈ, ਕਿਉਂਕਿ ਉਸ ਖੇਤਰ ਵਿੱਚ ਜੰਗਲਾਤ ਦੀ ਜ਼ਮੀਨ ਆਉਂਦੀ ਹੈ।


ਸਰਕਾਰ ਵੱਲੋਂ ਇਸ ਓਬਜੈਕਸ਼ਨ ਨੂੰ ਹਟਾਉਣ ਦੇ ਲਈ ਭਾਰਤ ਸਰਕਾਰ ਨੂੰ ਵੀ ਵਾਰ-ਵਾਰ ਲਿਖਿਆ ਜਾ ਰਿਹਾ ਹੈ । ਹਰਜੋਤ ਬੈਂਸ ਨੇ ਦੱਸਿਆ ਕਿ ਇਹ ਸੜਕ 40 ਕਰੋੜ ਦੇ ਨਾਲ ਬਣਨੀ ਸੀ ਜਿਸ ਵਿੱਚ 25 ਕਰੋੜ ਰੁਪਆ ਰਿਲੀਜ਼ ਵੀ ਕੀਤਾ ਜਾ ਚੁੱਕਿਆ ਹੈ, ਉਨ੍ਹਾਂ ਕਿਹਾ ਕਿ ਜੰਗਲਾਤ ਮਹਿਕਮੇ ਤੋਂ ਜਲਦ ਇਸ ਸਬੰਧੀ ਓਬਜੈਕਸ਼ਨ ਹਟਵਾ ਕੇ ਸੜਕ ਦਾ ਕੰਮ ਪੂਰਾ ਕੀਤਾ ਜਾਵੇਗਾ।


ਇਹ ਵੀ ਪੜ੍ਹੋ: ਪਹਿਲੀ ਲੜਾਈ WTO ਦੇ ਖ਼ਿਲਾਫ਼: ਅੰਦੋਲਨ ਕਰ ਰਹੇ ਕਿਸਾਨਾਂ ਦੀ ਰਡਾਰ 'ਤੇ ਕਿਉਂ ਵਿਸ਼ਵ ਵਪਾਰ ਸੰਗਠਨ? ਸਮਝੋ ਪੂਰਾ ਮਸਲਾ