ਚੰਡੀਗੜ੍ਹ: ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਸਾਰੀ ਰਾਤ ਰੋ-ਰੋ ਹਵਾਲਾਤ ਵਿੱਚ ਗੁਜ਼ਾਰੀ। ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ ਪੁਲਿਸ ਦੀ ਸਖ਼ਤੀ ਨਾਲ ਪੁੱਛਗਿੱਛ ਨਾਲ ਹਨੀਪ੍ਰੀਤ ਕਈ ਵਾਰ ਰੋ ਪਈ। ਹਨੀਪ੍ਰੀਤ ਨੇ 'ਏਬੀਪੀ ਨਿਊਜ਼' ਦੇ ਕੈਮਰੇ ਸਾਹਮਣੇ ਦਾਅਵਾ ਕੀਤਾ ਕਿ ਉਸ ਉੱਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਉਸ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ ਤੇ ਉਸ ਦਾ ਰਾਮ ਰਹੀਮ ਨਾਲ ਬਾਪ-ਬੇਟੀ ਦਾ ਰਿਸ਼ਤਾ ਹੈ।

ਪੁਲਿਸ ਇਸ ਗੱਲ ਦਾ ਪਤਾ ਲਾਉਣ ਵਿੱਚ ਜੁਟੀ ਹੈ ਕਿ ਆਖ਼ਰ 38 ਦਿਨ ਹਨੀਪ੍ਰੀਤ ਕਿੱਥੇ ਲੁਕੀ ਰਹੀ ਤੇ ਇਸ ਦੌਰਾਨ ਕਿਹੜੇ-ਕਿਹੜੇ ਲੋਕਾਂ ਨਾਲ ਉਸ ਦੀ ਮੁਲਾਕਾਤ ਹੋਈ। ਥਾਣੇ ਵਿੱਚ ਹਨੀਪ੍ਰੀਤ ਨੂੰ ਖਾਣ ਵਿੱਚ ਦਾਲ ਤੇ ਦੋ ਰੋਟੀਆਂ ਦਿੱਤੀਆਂ। ਹਨੀਪ੍ਰੀਤ ਨੇ ਖਾਣਾ ਖ਼ਾਧਾ ਤੇ ਫਿਰ ਥਾਣੇ ਦੇ ਇੱਕ ਕਮਰੇ ਵਿੱਚ ਕਾਫ਼ੀ ਦੇਰ ਤੱਕ ਇਕੱਲੀ ਰਹਿਣ ਲੱਗੀ। ਮੈਡੀਕਲ ਜਾਂਚ ਲਈ ਪਹੁੰਚੀ ਡਾਕਟਰਾਂ ਦੀ ਟੀਮ ਵਿੱਚ ਮਹਿਲਾ ਡਾਕਟਰ ਨਾ ਹੋਣ ਕਾਰਨ ਉਸ ਨੇ ਜਾਂਚ ਕਰਾਉਣ ਤੋਂ ਵੀ ਸਾਫ਼ ਮਨ੍ਹਾ ਕਰ ਦਿੱਤਾ।

ਆਈਜੀ ਮਮਤਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਦੀ ਸਪੈਸ਼ਲ ਟੀਮ ਹਨੀਪ੍ਰੀਤ ਨੂੰ ਸਖ਼ਤੀ ਨਾਲ ਪੁੱਛਗਿੱਛ ਕਰ ਕੇ ਹਰਿਆਣਾ ਵਿੱਚ ਹੋਈ ਹਿੰਸਾ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ। ਪੁੱਛਗਿੱਛ ਵਿੱਚ ਹਨੀਪ੍ਰੀਤ ਕਈ ਵਾਰ ਰੋ ਪਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਹੇ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।