ਕਾਹਨੂੰਵਾਨ : ਸੁਖਬੀਰ ਸਿੰਘ ਬਾਦਲ ਨੇ ਹਲਕਾ ਗੁਰਦਾਸਪੁਰ ਦੇ ਸਵਰਨ ਸਲਾਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਤਿੱਬੜ ਵਿੱਚ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਸੂਬੇ ਦਾ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦੇ ਕੇ ਸੂਬੇ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਕਾਰਜਾਂ ਤੋਂ ਭੱਜ ਰਹੀ ਹੈ।


ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇੱਕ ਹਫ਼ਤੇ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਮੌਕਾ ਦੇਵੇ, ਉਹ ਪੰਜਾਬ ਦੇ ਖ਼ਜ਼ਾਨੇ ਨੂੰ ਮੁੜ ਭਰ ਕੇ ਦਿਖਾਉਣਗੇ। ਉਨ੍ਹਾਂ ਕਾਂਗਰਸ ਸਰਕਾਰ ’ਤੇ ਦੋਸ਼ ਲਾਇਆ ਕਿ ਅੰਮ੍ਰਿਤਸਰ ਦੇ ਵਿਕਾਸ ਅਤੇ ਬਦਲੀ ਨੁਹਾਰ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਾਣ-ਬੁੱਝ ਕੇ ਧੁੰਦਲਾ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਸ਼ਹੀਦਾਂ ਦੀਆਂ ਯਾਦਗਾਰਾਂ ਲਈ ਫੰਡ ਵੀ ਰੋਕ ਦਿੱਤੇ ਹਨ। ਇਸ ਮੌਕੇ ਸਵਰਨ ਸਲਾਰੀਆ, ਗੁਰਬਚਨ ਸਿੰਘ ਬੱਬੇਹਾਲੀ, ਅਮਰਜੋਤ ਸਿੰਘ ਬੱਬੇਹਾਲੀ, ਬਾਲ ਕ੍ਰਿਸ਼ਨ ਮਿੱਤਲ ਤੇ ਭਾਜਪਾ ਆਗੂ ਦਿਲਬਾਗ ਰਾਏ ਵੀ ਹਾਜ਼ਰ ਸਨ।