ਬਠਿੰਡਾ: ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਲਾਤਕਾਰ ਦੇ ਇਲਜ਼ਾਮਾਂ ਬਾਰੇ ਆਪਣੀ ਦੋਗਲੀ ਰਾਏ ਦਿੱਤੀ ਹੈ। ਬੀਬਾ ਬਾਦਲ ਨੇ ਕਿਹਾ ਕਿ ਲੰਗਾਹ ਦਾ ਕਾਰਾ ਸ਼ਰਮਨਾਕ ਹੈ ਪਰ ਇਸ ਦਾ ਜ਼ਿਮਨੀ ਚੋਣ ਵੇਲੇ ਉਜਾਗਰ ਹੋਣਾ ਕਿੰਨਾ ਕੁ ਜਾਇਜ਼ ਹੈ। ਬੀਬਾ ਬਾਦਲ ਦੇ ਬਿਆਨ ਤੋਂ ਇਹ ਜਾਪਦਾ ਹੈ ਕਿ ਅਕਾਲੀ ਦਲ ਵੱਲੋਂ ਲੰਗਾਹ ਨੂੰ ਪਾਰਟੀ ਵਿੱਚੋਂ ਸਿਰਫ਼ ਵੋਟਾਂ ਸਿਰ 'ਤੇ ਹੋਣ ਕਰਕੇ ਹੀ ਕੱਢਿਆ ਗਿਆ ਹੈ। ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਰਟੀ ਵਿੱਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ।


ਉਂਝ ਬੀਬਾ ਬਾਦਲ ਦੀ ਲੋਕਪ੍ਰਿਅਤਾ ਘੱਟ ਹੁੰਦੀ ਜਾਪਦੀ ਹੈ। ਇੱਕ ਸਮਾਂ ਸੀ ਜਦੋਂ ਸੱਤਾ ਵਿੱਚ ਹੁੰਦੇ ਅਕਾਲੀ ਦਲ ਦੇ ਸੱਦੇ 'ਤੇ ਭਰਵਾਂ ਇਕੱਠ ਹੋ ਜਾਂਦਾ ਸੀ ਤੇ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੀ ਪਤਨੀ 'ਤੇ ਸੱਦੇ 'ਤੇ 15 ਕੁ ਫ਼ੀਸਦੀ ਲੋਕ ਹੀ ਪਹੁੰਚੇ। ਹਰਸਿਮਰਤ ਅੱਜ ਬਠਿੰਡਾ ਵਿੱਚ ਕੇਂਦਰ ਦੀ ਕਿਸਾਨ ਸੰਪਦਾ ਯੋਜਨਾ ਬਾਰੇ ਸੈਮੀਨਾਰ ਵਿੱਚ ਹਿੱਸਾ ਲੈਣ ਆਈ ਸੀ। ਸੱਦੇ ਗਏ 700 ਕਿਸਾਨਾਂ ਵਿੱਚੋਂ ਕਰੀਬ 100 ਕਿਸਾਨਾਂ ਨੂੰ ਵੇਖ ਬੀਬਾ ਬਾਦਲ ਨੇ ਜ਼ਿਆਦਾ ਜ਼ੋਰ ਕੈਪਟਨ ਸਰਕਾਰ ਨੂੰ ਭੰਡਣ 'ਤੇ ਹੀ ਲਾ ਦਿੱਤਾ।

ਹਰਸਿਮਰਤ ਕੌਰ ਨੇ ਕਿਹਾ ਕਿ ਇੱਕ ਤਾਂ ਪੰਜਾਬ ਦਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ, ਦੂਜੇ ਪਾਸੇ ਸਰਕਾਰ ਨੇ ਲੋਕ ਹਿਤੂ ਸਕੀਮਾਂ ਜਿਵੇਂ ਆਟਾ ਦਾਲ ਸਕੀਮ, ਬੰਦ ਕਰ ਦਿੱਤੀ ਹੈ। ਆਪਣੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਵਿੱਚ ਸਨਅਤ ਲਿਆਉਣ ਵਾਲੀ ਗੱਲ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਸਰਕਾਰ ਨੇ ਤਾਂ ਬਠਿੰਡਾ ਦਾ ਥਰਮਲ ਬੰਦ ਕਰ ਦਿੱਤਾ ਹੈ, ਨਵੀਂ ਇੰਡਸਟਰੀ ਕਿਵੇਂ ਲੱਗੇਗੀ।

ਦੱਸ ਦੇਈਏ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਵਿੱਚ ਰਾਜਪੁਰਾ ਵਾਲੇ ਨਿੱਜੀ ਥਰਮਲ ਪਲਾਂਟ ਨੂੰ ਇਸੇ ਸ਼ਰਤ ਤੇ ਬਣਵਾਇਆ ਤੇ ਚਾਲੂ ਕਰਵਾਇਆ ਗਿਆ ਸੀ ਕਿ ਉਸ ਦੀ ਪੈਦਾਵਾਰ ਨੂੰ ਸਰਕਾਰ ਹਰ ਹਾਲ ਵਿੱਚ ਖਰੀਦੇਗੀ। ਇਸ ਦੇ ਨਤੀਜੇ ਵਜੋਂ ਬਠਿੰਡਾ ਦੇ ਸਰਕਾਰੀ ਥਰਮਲ ਪਲਾਂਟ ਨੂੰ ਅੰਸ਼ਕ ਤੌਰ 'ਤੇ ਬੰਦ ਕਰਨਾ ਪਿਆ ਸੀ। ਇਸ ਦਾ ਉੱਥੋਂ ਦੇ ਕਰਮਚਾਰੀਆਂ ਨੇ ਵਿਰੋਧ ਵੀ ਕੀਤਾ ਸੀ।